ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ RSS) ਦੇ ਮੁਖੀ ਮੋਹਨ ਭਾਗਵਤ ਵੱਲੋਂ ਕੰਮਕਾਜੀ ਔਰਤਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ, ਕਾਂਗਰਸ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਦਿਗਵਿਜੇ ਸਿੰਘ ਨੇ ਭਾਗਵਤ ਦੇ ਬਿਆਨ ਤੋਂ ਬਾਅਦ ਆਰਐਸਐਸ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਹੈ। ਦੱਸ ਦੇਈਏ ਕਿ ਮੋਹਨ ਭਾਗਵਤ ਨੇ ਪਿੱਛੇ ਜਿਹੇ ਕਿਹਾ ਸੀ ਕਿ ਪੁਰਸ਼ ਕਮਾਉਣ ਵਾਲੇ ਹਨ ਤੇ ਔਰਤਾਂ ਘਰੇਲੂ ਸੁਆਣੀਆਂ ਹੀ ਹੁੰਦੀਆਂ ਹਨ।



ਤਾਲਿਬਾਨ ਤੇ ਆਰਐਸਐਸ ਦੇ ਵਿਚਾਰ ਕੀ ਇਕੋ ਜਿਹੇ ਨਹੀਂ - ਦਿਗਵਿਜੇ

ਦਿਗਵਿਜੇ ਸਿੰਘ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੀ ਕੰਮਕਾਜੀ ਔਰਤਾਂ ਬਾਰੇ ਤਾਲਿਬਾਨ ਤੇ ਆਰਐਸਐਸ ਦੇ ਵਿਚਾਰ ਇੱਕੋ ਜਿਹੇ ਨਹੀਂ ਹਨ? ਇਸ ਹਫਤੇ ਇਹ ਦੂਜੀ ਵਾਰ ਹੈ ਜਦੋਂ ਅੱਤਵਾਦੀ ਸੰਗਠਨ ਦੀ ਤੁਲਨਾ ਆਰਐਸਐਸ ਨਾਲ ਕੀਤੀ ਗਈ ਹੈ। ਦਿਗਵਿਜੇ ਆਰਐਸਐਸ ਦੇ ਤਿੱਖੇ ਆਲੋਚਕ ਹਨ। ਉਹ ਜਿਆਦਾਤਰ ਆਰਐਸਐਸ ਦੀ ਆਲੋਚਨਾ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦੋਸ਼ ਲਾਇਆ ਕਿ ਸੰਗਠਨ ਝੂਠ ਤੇ ਝੂਠੇ ਬਿਰਤਾਂਤ ਫੈਲਾ ਕੇ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਵੰਡੀਆਂ ਪਾ ਰਿਹਾ ਹੈ।




 






ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਕਿਹਾ ਕਿ ਜਦੋਂ ਹਿੰਦੂਆਂ ਤੇ ਮੁਸਲਮਾਨਾਂ ਦਾ ਡੀਐਨਏ ਇੱਕੋ ਜਿਹਾ ਹੈ ਤਾਂ ਫਿਰ 'ਲਵ ਜਿਹਾਦ' ਵਰਗੇ ਮੁੱਦੇ ਕਿਉਂ ਉਠਾਏ ਗਏ? ਇਸ ਦੇ ਨਾਲ ਹੀ, ਦਿਗਵਿਜੇ ਸਿੰਘ ਨੇ ਤਾਲਿਬਾਨ ਦੇ ਸੰਬੰਧ ਵਿੱਚ ਆਪਣੇ ਬਿਆਨ ਰਾਹੀਂ ਬਾਲੀਵੁੱਡ ਦੇ ਗੀਤਕਾਰ ਜਾਵੇਦ ਅਖਤਰ ਦਾ ਸਮਰਥਨ ਅਤੇ ਬਚਾਅ ਵੀ ਕੀਤਾ ਹੈ। ਦਿਗਵਿਜੇ ਨੇ ਕਿਹਾ ਕਿ ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਕਿਸ ਸੰਦਰਭ ਵਿੱਚ ਇਹ ਗੱਲ ਆਖੀ ਹੋਵੇਗੀ, ਪਰ ਸਾਡੇ ਸੰਵਿਧਾਨ ਨੇ ਸਾਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਦਿੱਤਾ ਹੈ।


 


ਬਾਲੀਵੁੱਡ-ਗੀਤਕਾਰ ਜਾਵੇਦ ਅਖਤਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਤਾਲਿਬਾਨ ਅਤੇ ਆਰਐਸਐਸ ਦੇ ਵਿੱਚ ਅਸਾਧਾਰਣ ਸਮਾਨਤਾ ਵੇਖੀ ਹੈ। ਜਿਸ ਤਰ੍ਹਾਂ ਤਾਲਿਬਾਨ ‘ਇਸਲਾਮਿਕ ਸਟੇਟ’ ਚਾਹੁੰਦਾ ਹੈ, ਉਸੇ ਤਰ੍ਹਾਂ ਭਾਰਤ ਵਿੱਚ ਆਰਐਸਐਸ ‘ਹਿੰਦੂ ਰਾਸ਼ਟਰ’ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ ਸੱਜੇ ਪੱਖੀ ਲੋਕ ਸਿਰਫ ਇੱਕ ਚੀਜ਼ ਚਾਹੁੰਦੇ ਹਨ। ਇਹ ਲੋਕ ਇੱਕੋ ਮਾਨਸਿਕਤਾ ਦੇ ਹਨ।