ਮੱਧ ਪ੍ਰਦੇਸ਼  : ਸਾਲ 2011 ਵਿੱਚ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਦਰਸ਼ਨਕਾਰੀ ਵਰਕਰਾਂ ਨਾਲ ਝੜਪ ਦੇ ਮਾਮਲੇ ਵਿੱਚ ਇੰਦੌਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਸਮੇਤ 6 ਲੋਕਾਂ ਨੂੰ ਸਖ਼ਤ ਕੈਦ ਦੀ ਸਜ਼ਾ ਸੁਣਾਈ।

 

ਅਦਾਲਤ ਨੇ ਸਾਰੇ 6 ਦੋਸ਼ੀਆਂ 'ਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਵਿਸ਼ੇਸ਼ ਜੱਜ ਮੁਕੇਸ਼ ਨਾਥ ਨੇ ਦਿਗਵਿਜੇ ਅਤੇ ਉਜੈਨ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੇਮਚੰਦ ਗੁੱਡੂ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 325 (ਜਾਣ ਬੁੱਝ ਕੇ ਗੰਭੀਰ ਸੱਟ ਪਹੁੰਚਾਉਣਾ) ਅਤੇ 109 (ਹਮਲਾ ਕਰਨ ਲਈ ਉਕਸਾਉਣਾ) ਤਹਿਤ ਦੋਸ਼ੀ ਠਹਿਰਾਇਆ, ਜਦਕਿ ਚਾਰ ਹੋਰ ਵਿਅਕਤੀਆਂ- ਅਨੰਤ ਨਰਾਇਣ, ਜੈ ਸਿੰਘ ਦਰਬਾਰ, ਅਸਲਮ ਲਾਲਾ ਅਤੇ ਦਲੀਪ ਚੌਧਰੀ ਨੂੰ ਧਾਰਾ 325 ਤਹਿਤ ਦੋਸ਼ੀ ਠਹਿਰਾਇਆ ਗਿਆ।

 

ਅਦਾਲਤ ਨੇ ਮਾਮਲੇ ਦੇ ਤਿੰਨ ਹੋਰ ਮੁਲਜ਼ਮਾਂ ਉਜੈਨ ਜ਼ਿਲ੍ਹੇ ਦੇ ਤਰਾਨਾ ਖੇਤਰ ਤੋਂ ਕਾਂਗਰਸੀ ਵਿਧਾਇਕ ਮਹੇਸ਼ ਪਰਮਾਰ, ਮੁਕੇਸ਼ ਭਾਟੀ ਅਤੇ ਹੇਮੰਤ ਚੌਹਾਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਬਾਅਦ ਵਿਚ ਦਿਗਵਿਜੇ ਸਮੇਤ ਸਾਰੇ 6 ਦੋਸ਼ੀਆਂ ਦੀ ਅਪੀਲ 'ਤੇ ਵਿਸ਼ੇਸ਼ ਜੱਜ ਨੇ ਤੁਰੰਤ ਉਨ੍ਹਾਂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਅਤੇ ਉਨ੍ਹਾਂ ਨੂੰ 25,000-25,000 ਰੁਪਏ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।

ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਦਿਗਵਿਜੇ ਨੇ ਕਿਹਾ ਕਿ ਉਹ ਵਿਸ਼ੇਸ਼ ਅਦਾਲਤ ਦੇ ਫੈਸਲੇ ਖਿਲਾਫ ਹਾਈ ਕੋਰਟ 'ਚ ਅਪੀਲ ਕਰਨਗੇ। ਆਪਣੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਨੂੰ ‘ਝੂਠੀ’ ਕਰਾਰ ਦਿੰਦਿਆਂ ਉਸ ਨੇ ਕਿਹਾ, ”ਮੇਰਾ ਨਾਮ ਘਟਨਾ ਦੀ ਅਸਲ ਐਫਆਈਆਰ ਵਿੱਚ ਮੁਲਜ਼ਮ ਵਜੋਂ ਦਰਜ ਨਹੀਂ ਕੀਤਾ ਗਿਆ ਸੀ। ਬਾਅਦ ਵਿੱਚ ਪੁਲੀਸ ਨੇ ਸਿਆਸੀ ਦਬਾਅ ਕਾਰਨ ਮੇਰਾ ਨਾਂ ਮੁਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਸੀ।

 

ਦਿਗਵਿਜੇ ਅਤੇ ਗੁੱਡੂ ਦੇ ਵਕੀਲ ਰਾਹੁਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਦੋਵਾਂ ਮੁਵੱਕਿਲਾਂ ਨੂੰ ਬੀਜੇਵਾਈਐਮ ਕਾਰਕੁਨ ਰਿਤੇਸ਼ ਖਾਬੀਆ ਦੀ ਕੁੱਟਮਾਰ ਕਰਨ ਲਈ ਹੋਰਾਂ ਨੂੰ ਉਕਸਾਉਣ ਲਈ ਸਜ਼ਾ ਸੁਣਾਈ ਗਈ ਹੈ। ਬਚਾਅ ਪੱਖ ਦੇ ਵਕੀਲ ਨੇ ਦਾਅਵਾ ਕੀਤਾ, "ਇਸਤਗਾਸਾ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਖਾਬੀਆ ਦਾ ਸੱਜਾ ਹੱਥ ਜ਼ਖ਼ਮੀ ਸੀ, ਜਦਕਿ ਅਸਲ ਵਿੱਚ ਉਸ ਦੇ ਖੱਬੇ ਹੱਥ ਦੀ ਹੱਡੀ ਟੁੱਟੀ ਹੋਈ ਸੀ।"

 

ਪੁਲਿਸ ਅਨੁਸਾਰ ਬੀਜੇਵਾਈਐਮ ਦੇ ਕਾਰਕੁਨਾਂ ਨੇ 17 ਜੁਲਾਈ 2011 ਨੂੰ ਦਿਗਵਿਜੇ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਉਨ੍ਹਾਂ ਦਾ ਕਾਫ਼ਲਾ ਉਜੈਨ ਦੇ ਜੀਵਾਜੀਗੰਜ ਇਲਾਕੇ ਵਿੱਚੋਂ ਲੰਘ ਰਿਹਾ ਸੀ, ਵੱਖਰੇ ਵਿਵਾਦਪੂਰਨ ਬਿਆਨਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ। ਪੁਲਿਸ ਮੁਤਾਬਕ ਪ੍ਰਦਰਸ਼ਨ ਦੌਰਾਨ ਦਿਗਵਿਜੇ, ਗੁੱਡੂ ਅਤੇ ਹੋਰਾਂ ਦੀ ਬੀਜੇਪੀ ਵਰਕਰਾਂ ਨਾਲ ਝੜਪ ਹੋ ਗਈ।

 

 

 


ਇਹ ਵੀ ਪੜ੍ਹੋ :ਪਾਕਿਸਤਾਨ ਦੇ PM ਇਮਰਾਨ ਖਾਨ ਅੱਜ ਇਸਲਾਮਾਬਾਦ ਰੈਲੀ 'ਚ ਦੇਣਗੇ ਅਸਤੀਫਾ ? ਇਸ ਬਦਲਾਅ ਤੋਂ ਮਿਲੇ ਸੰਕੇਤ