ਮੁੰਬਈ: ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਐਸੋਸੀਏਸ਼ਨ (FWICE) ਨੇ ਗ੍ਰਹਿ ਮੰਤਰਾਲੇ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਅਮਰੀਕਾ ਦਾ ਵੀਜ਼ਾ ਰੱਦ ਕੀਤਾ ਜਾਵੇ। FWICE ਦੇ ਦਾਅਵੇ ਮੁਤਾਬਕ 21 ਸਤੰਬਰ ਨੂੰ ਦਿਲਜੀਤ ਦੁਸਾਂਝ ਅਮਰੀਕਾ ਵਿੱਚ ਇੱਕ ਅਜਿਹੇ ਕਾਨਸਰਟ ਵਿੱਚ ਪਰਫਾਰਮ ਕਰਨ ਜਾ ਰਿਹਾ ਹੈ, ਜਿਸ ਨੂੰ ਪਾਕਿਸਤਾਨੀ ਨਾਗਰਿਕ ਰੇਹਾਨ ਸਿੱਦੀਕੀ ਪ੍ਰੋਮੋਟਰ ਕਰ ਰਹੇ ਹਨ। ਹਾਲਾਂਕਿ ਦਿਲਜੀਤ ਦੁਸਾਂਝ ਵੱਲੋਂ ਇਸ ਕਾਨਸਰਟ ਨਦੀ ਤਾਰੀਖ਼ ਅੱਗੇ ਵਧਾ ਦਿੱਤੀ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਰੇਹਾਨ ਸਿੱਦੀਕੀ ਕਰਾਚੀ ਦੇ ਇੱਕ ਕਾਰੋਬਾਰੀ ਹਨ ਜੋ ਅਮਰੀਕਾ ਵਿੱਚ ਭਾਰਤੀ ਫਿਲਮੀ ਸਿਤਾਰਿਆਂ ਦੇ ਸ਼ੋਅ ਨੂੰ ਵੱਡੇ ਪੱਧਰ 'ਤੇ ਪ੍ਰੋਮੋਟ ਕਰਦੇ ਹਨ। ਹਾਲਾਂਕਿ, FWICE ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਾਜ਼ਾ ਤਕਰਾਰ ਦੇ ਮੱਦੇਨਜ਼ਰ, ਕਿਸੇ ਵੀ ਭਾਰਤੀ ਕਲਾਕਾਰ ਨੂੰ ਪਾਕਿਸਤਾਨ ਵਿੱਚ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਪਾਕਿਸਤਾਨੀ ਨਾਗਰਿਕ ਦੁਆਰਾ ਕਰਾਏ ਜਾਣ ਵਾਲੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੀਦਾ ਹੈ।
FWICE ਦਾ ਕਹਿਣਾ ਹੈ ਕਿ ਅਜਿਹਾ ਕਰਨਾ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਰਾਸ਼ਟਰ ਵਿਰੋਧੀ ਗਤੀਵਿਧੀ ਹੈ। ਇਸ ਦੇ ਮੱਦੇਨਜ਼ਰ, FWICE ਨੇ ਹੁਣ ਮੀਕਾ ਸਿੰਘ ਤੋਂ ਬਾਅਦ ਦਿਲਜੀਤ ਦੁਸਾਂਝ 'ਤੇ ਆਪਣਾ ਨਿਸ਼ਾਨਾ ਸਾਧ ਲਿਆ ਹੈ ਤੇ ਗ੍ਰਹਿ ਮੰਤਰਾਲੇ ਤੋਂ ਉਸ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਹ ਰੇਹਾਨ ਸਿੱਦੀਕੀ ਦੁਆਰਾ ਪ੍ਰਚਾਰੇ ਜਾ ਰਹੇ ਸ਼ੋਅ ਦਾ ਹਿੱਸਾ ਨਾ ਬਣ ਸਕੇ।