ਅੰਮ੍ਰਿਤਸਰ: ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਏਅਰ ਇੰਡੀਆ ਵੱਲੋਂ 1 ਫਰਵਰੀ ਤੋਂ ਵਿਸ਼ਵ ਦੇ ਇਤਿਹਾਸਕ ਸ਼ਹਿਰਾਂ ਅੰਮ੍ਰਿਤਸਰ ਤੇ ਰੋਮ ਵਿਚਕਾਰ ਮਾਰਚ ਮਹੀਨੇ ਦੇ ਅਖੀਰ ਤੱਕ ਸਿੱਧੀ ਉਡਾਣ ਸ਼ੁਰੂ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਏਅਰ ਇੰਡੀਆ ਨੂੰ ਅਪੀਲ ਵੀ ਕੀਤੀ ਹੈ ਕਿ ਮਾਰਚ 2021 ਤੋਂ ਬਾਅਦ ਵੀ ਇਨ੍ਹਾਂ ਉਡਾਣਾਂ ਨੂੰ ਜਾਰੀ ਰੱਖਿਆ ਜਾਵੇ।
ਪਿਛਲੇ ਮਹੀਨੇ ਜਨਵਰੀ ਵਿੱਚ ਏਅਰ ਇੰਡੀਆ ਨੇ 1, 11, 21 ਫਰਵਰੀ ਤੇ 4, 14, 24 ਮਾਰਚ ਨੂੰ ਅੰਮ੍ਰਿਤਸਰ ਤੋਂ ਰੋਮ ਲਈ ਸਿੱਧੀਆਂ ਉਡਾਣਾਂ ਦਾ ਐਲਾਨ ਕੀਤਾ ਸੀ। ਇਹ ਉਡਾਣ ਅਗਲੇ ਦਿਨ ਸਿੱਧਾ ਅੰਮ੍ਰਿਤਸਰ ਪਰਤੇਗੀ। ਏਅਰ ਇੰਡੀਆ ਨੇ 25 ਮਾਰਚ, 2021 ਤੱਕ ਇਨ੍ਹਾਂ ਦੀ ਬੁਕਿੰਗ ਖੋਲ੍ਹੀ ਹੈ। ਇਨ੍ਹਾਂ ੳਡਾਣਾਂ ਲਈ 256 ਸੀਟਾਂ ਵਾਲੇ ਲਈ ਆਧੁਨਿਕ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾ ਰਹੀ ਹੈ।
ਬੀਤੇ ਦਿਨੀਂ 1 ਫਰਵਰੀ ਨੂੰ ਰੋਮ ਲਈ ਏਅਰ ਇੰਡੀਆ ਦੀ ਪਹਿਲੀ ਸਿੱਧੀ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 242 ਯਾਤਰੀਆਂ ਨਾਲ ਰਵਾਨਾ ਹੋਈ। ਇਹ ਉਡਾਣ ਦਿੱਲੀ ਤੋਂ ਅੰਮ੍ਰਿਤਸਰ ਪਹੰਚ ਕੇ ਸਵਾਰੀਆਂ ਨੂੰ ਲੈ ਕੇ ਸਿੱਧਾ ਰੋਮ ਜਾਵੇਗੀ।
ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ "ਮਹਾਮਾਰੀ ਕਾਰਨ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ ਤੋਂ ਬਾਅਦ, ਸਾਲ 2021 ਦੇ ਸ਼ੁਰੂ ਵਿੱਚ ਇਨ੍ਹਾਂ ਉਡਾਣਾਂ ਦਾ ਅਰੰਭ ਹੋਣਾ ਹਵਾਈ ਅੱਡੇ ਤੇ ਪੰਜਾਬੀ ਭਾਈਚਾਰੇ ਲਈ ਕੁਝ ਚੰਗੀ ਖਬਰ ਹੈ। ਉਨ੍ਹਾਂ ਇਸ ਲਈ ਏਅਰ ਇੰਡੀਆ, ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕੀਤਾ।"
ਇਟਲੀ ਵਿੱਚ ਪੰਜਾਬੀਆਂ ਦੀ ਆਬਾਦੀ ਯੂਕੇ ਤੋਂ ਬਾਅਦ ਯੂਰਪ ਵਿੱਚ ਦੂਜੇ ਨੰਬਰ ‘ਤੇ ਹੈ। ਹਜ਼ਾਰਾਂ ਯਾਤਰੀ ਪੂਰਾ ਸਾਲ ਇਟਲੀ ਅਤੇ ਪੰਜਾਬ ਦਰਮਿਆਨ ਦਿੱਲੀ/ਦੋਹਾ/ਤਾਸ਼ਕੰਦ/ਅਸ਼ਗਾਬਾਦ ਰਾਹੀਂ ਯਾਤਰਾ ਕਰਦੇ ਹਨ। ਸਿੱਧੀਆਂ ਉਡਾਣਾਂ ਨਾਲ ਜਿੱਥੇ ਦਿੱਲੀ ਰਾਹੀਂ ਜਾ ਰਸਤੇ ਵਿੱਚ ਥਾਂ-ਥਾਂ ਹੁੰਦੀ ਖੱਜਲ-ਖੁਆਰੀ ਖਤਮ ਹੋਵੇਗੀ, ਉੱਥੇ ਹੀ ਪੰਜਾਬੀਆਂ ਦਾ ਸਮਾਂ ਵੀ ਬਚੇਗਾ ਤੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਵੀ ਮਿਲੇਗਾ।