ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ 'ਚ ਪਟਾਖ਼ਿਆਂ ਦੀ ਵਿਕਰੀ 'ਤੇ 31 ਅਕਤੂਬਰ ਤੱਕ ਦੇ ਲਈ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਪਟਾਖੇ ਵੇਚਣ ਵਾਲਿਆਂ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ। ਪਟਾਖਾ ਵਪਾਰੀਆਂ ਦੀ ਵਿਕਰੀ 'ਤੇ ਲਾਈ ਰੋਕ ਸਬੰਧੀ ਰਾਹਤ ਲੈਣ ਲਈ ਹੀ ਉਹ ਪਟੀਸ਼ਨ ਲੈ ਕੋਰਟ ਪੁੱਜੇ ਹਨ। ਪਟੀਸ਼ਨ 'ਚ ਵਪਾਰੀਆਂ ਨੇ ਪਟਾਖੇ ਵੇਚਣ ਲਈ ਇੱਕ-ਦੋ ਦਿਨ ਦੀ ਇਜਾਜ਼ਤ ਮੰਗੀ ਸੀ।
ਜੱਜ ਏਕੇ ਸਿਕਰੀ ਤੇ ਅਸ਼ੋਕ ਭੂਸ਼ਨ ਅਧਾਰਤ ਬੈਂਚ ਨੇ ਕਿਹਾ ਹੈ ਕਿ ਇਸ ਬੈਨ 'ਤੇ ਕਿਸੇ ਤਰ੍ਹਾਂ ਦੀ ਢਿੱਲ ਦੇਣਾ ਸੁਪਰੀਮ ਕੋਰਟ ਦੀ ਭਾਵਨਾ ਦੇ ਖ਼ਿਲਾਫ ਹੋਵੇਗਾ। ਹਾਲਾਂਕਿ ਕੋਰਟ ਨੇ ਖਰੀਦੇ ਗਏ ਪਟਾਖ਼ਿਆਂ ਨੂੰ ਚਲਾਉਣ 'ਤੇ ਰੋਕ ਲਾਉਣ ਸਬੰਧੀ ਕੁਝ ਨਹੀਂ ਕਿਹਾ। ਕੋਰਟ ਨੇ ਕਿਹਾ ਹੈ ਕਿ ਬੈਨ ਤੋਂ ਪਹਿਲਾਂ ਵਿਕੇ ਪਟਾਖੇ ਹੀ ਵਾਧੂ ਚੱਲਣਗੇ ਤੇ ਵੈਸੇ ਹੀ ਇਹ ਬਿਨਾਂ ਪਟਾਖਿਆਂ ਵਾਲੀ ਦੀਵਾਲੀ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਸੁਣਵਾਈ ਸ਼ੂਰੂ ਹੁੰਦੇ ਹੋਏ ਉੱਘੇ ਵਕੀਲ ਮੁਕੁਲ ਰੋਹਤਗੀ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਘੱਟੋ-ਘੱਟ ਇੱਕ ਦੋ ਦਿਨਾਂ ਲਈ ਪਟਾਖ਼ਿਆ ਦੀ ਵਿਕਰੀ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਸੀ ਕਿ ਪਟਾਖੇ ਚਲਾਉਣ ਤੇ ਵੇਚਣ ਦਾ ਸਮਾਂ ਤੈਅ ਕੀਤਾ ਜਾ ਸਕਦਾ ਹੈ। ਵਪਾਰੀਆਂ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੇ ਆਪਣੇ ਲਾਇਸੈਂਸ ਰੀਨਿਊ ਕਰਵਾਏ ਹਨ ਤੇ ਉਨ੍ਹਾਂ 'ਤੇ ਬਹੁਤ ਮੋਟਾ ਪੈਸਾ ਖ਼ਰਚ ਹੋਇਆ ਹੈ। ਉਸ ਦੀ ਭਰਪਾਈ ਕਿਤੋਂ ਨਹੀਂ ਹੋਵੇਗੀ। ਸਰਵਉੱਚ ਅਦਾਲਤ ਨੇ ਪਟਾਖਿਆਂ ਦੀ ਵਿਕਰੀ 'ਤੇ 31 ਅਕਤੂਬਰ ਤੱਕ ਰੋਕ ਲਗਾਉਂਦੇ ਹੋਏ ਕਿਹਾ ਸੀ ਕਿ ਇਹ ਬੇਹੱਦ ਜ਼ਰੂਰੀ ਹੈ ਕਿਉਂਕਿ ਵਾਤਾਰਵਰਨ ਵੱਡੇ ਪੱਧਰ 'ਤੇ ਖ਼ਰਾਬ ਹੋ ਰਿਹਾ ਹੈ।