ਨਵੀਂ ਦਿੱਲੀ: ਬਹੁਤ ਸਾਰੇ ਲੋਕਾਂ ਨੇ ਆਪਣੇ ਕੋਵਿਡ-19 ਟੀਕਾਕਰਨ ਦਾ ਸਰਟੀਫ਼ਿਕੇਟ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਹਨ ਪਰ ਅਜਿਹਾ ਕਰਨਾ ਠੀਕ ਨਹੀਂ। ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ’ਤੇ ਇਹ ਸਰਟੀਫ਼ਿਕੇਟ ਸ਼ੇਅਰ ਕਰਨ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ।
ਦੱਸ ਦੇਈਏ ਕਿ ਸਰਕਾਰ ਵੈਕਸੀਨ ਦੀ ਪਹਿਲੀ ਜਾਂ ਦੂਜੀ ਡੋਜ਼ ਲਗਵਾਉਣ ਵਾਲਿਆਂ ਨੂੰ ਕੋਵਿਡ–19 ਸਰਟੀਫ਼ਿਕੇਟ ਦਿੰਦੀ ਹੈ। ਲੋਕ ਬਿਨਾ ਇਹ ਸਮਝਿਆਂ ਕਿ ਉਨ੍ਹਾਂ ਦੇ ਕੋਵਿਡ–19 ਸਰਟੀਫ਼ਿਕੇਟ ਵਿੱਚ ਨਿਜੀ ਜਾਣਕਾਰੀ ਜਿਵੇਂ ਕਿ ਨਾਂਅ, ਉਮਰ, ਲਿੰਗ ਜਿਹੇ ਅਹਿਮ ਡਾਟਾ ਮੌਜੂਦ ਹੁੰਦੇ ਹਨ, ਆਨਲਾਈਨ ਸ਼ੇਅਰ ਕਰ ਦਿੰਦੇ ਹਨ; ਜਦ ਕਿ ਅਜਿਹੀ ਨਿਜੀ ਜਾਣਕਾਰੀ ਕਦੇ ਵੀ ਜੱਗ-ਜ਼ਾਹਿਰ ਨਹੀਂ ਹੋਣੀ ਚਾਹੀਦੀ।
ਗ੍ਰਹਿ ਮੰਤਰਾਲੇ ਨੇ ਸਾਈਬਰ ਦੋਸਤ ਅਕਾਊਂਟ ਤੋਂ ਟਵਿਟਰ ਉੱਤੇ ਸਲਾਹ ਪੋਸਟ ਕੀਤੀ ਹੈ। ਆਪਣੇ ਸਰਟੀਫ਼ਿਕੇਟ ਪੋਸਟ ਕਰਨ ਵਿਰੁੱਧ ਯੂਜ਼ਰਜ਼ ਨੂੰ ਚੇਤਾਵਨੀ ਦਿੰਦਿਆਂ ਸਰਕਾਰ ਨੇ ਟਵੀਟ ’ਚ ਕਿਹਾ ਹੈ ਕਿ ਵੈਕਸੀਨੇਸ਼ਨ ਸਰਟੀਫ਼ਿਕੇਟ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਨ ਤੋਂ ਸਾਵਧਾਨ ਕਿਉਂਕਿ ਵੈਕਸੀਨ ਸਰਟੀਫ਼ਿਕੇਟ ਵਿੱਚ ਤੁਹਾਡਾ ਨਾਂ ਤੇ ਹੋਰ ਨਿਜੀ ਜਾਣਕਾਰੀ ਹੁੰਦੀ ਹੈ।
ਇਹ ਟਵੀਟ ਸਪੱਸ਼ਟ ਕਰਦਾ ਹੈ ਕਿ ਵੈਕਸੀਨੇਸ਼ਨ ਸਰਟੀਫ਼ਿਕੇਟ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਧੋਖੇਬਾਜ਼ ਲੋਕ ਤੁਹਾਨੂੰ ਧੋਖਾ ਦੇਣ ਲਈ ਇਹ ਸਾਰੀ ਜਾਣਕਾਰੀ ਵਰਤ ਸਕਦੀ ਹੈ।
ਸਰਟੀਫ਼ਿਕੇਟ ’ਚ ਲਈ ਜਾਣ ਵਾਲੀ ਵੈਕਸੀਨ ਦਾ ਨਾਂਅ ਤੇ ਟੀਕਾਕਰਣ ਦੀ ਤਰੀਕ ਦਾ ਜ਼ਿਕਰ ਹੁੰਦਾ ਹੈ। ਇਸ ਤੋਂ ਇਲਾਵਾ, ਵੈਕਸੀਨੇਸ਼ਨ ਸਰਟੀਫ਼ਿਕੇਟ ਤੋਂ ਦੂਜੀ ਡੋਜ਼ ਦੀ ਤਰੀਕ, ਟੀਕਾਕਰਨ ਕੇਂਦਰ ਦਾ ਨਾਂ ਤੇ ਤੁਹਾਡੇ ਆਧਾਰ ਕਾਰਡ ਦੇ ਆਖ਼ਰੀ ਚਾਰ ਅੰਕਾਂ ਦੀ ਜਾਣਕਾਰੀ ਮਿਲਦੀ ਹੈ।
ਭਾਵੇਂ ਤੁਹਾਡੀ ਪਹਿਲੀ ਡੋਜ਼ ਤੋਂ ਬਾਅਦ ਮਿਲਣ ਵਾਲਾ ਸਰਟੀਫ਼ਿਕੇਟ ਪ੍ਰੋਵਿਜ਼ਨਲ ਹੁੰਦਾ ਹੈ। ਅੰਤਿਮ ਸਰਟੀਫ਼ਿਕੇਟ ਦੂਜੀ ਡੋਜ਼ ਤੋਂ ਬਾਅਦ ਦਿੱਤਾ ਜਾਂਦਾ ਹੈ ਤੇ ‘ਆਰੋਗਯ ਸੇਤੂ’ ਐਪ ਜਾਂ ਕੋਵਿਡ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਵੈਕਸੀਨ ਸਰਟੀਫ਼ਿਕੇਟ ਭਵਿੱਖ ’ਚ ਤੁਹਾਡੇ ਆਧਾਰ ਕਾਰਡ ਵਾਂਗ ਵਿਦੇਸ਼ ਦੀ ਯਾਤਰਾ ਕਰਦੇ ਸਮੇਂ ਸ਼ਨਾਖ਼ਤ ਵਜੋਂ ਵੀ ਅਹਿਮ ਹੋਵੇਗਾ।