Manipur Violence: ਮਨੀਪੁਰ ਵਿੱਚ 3 ਮਈ ਨੂੰ ਜਾਤੀ ਹਿੰਸਾ ਦੀ ਅੱਗ ਭੜਕੀ ਸੀ, ਜੋ ਅਜੇ ਵੀ ਸੁਲਗ ਰਹੀ ਹੈ। 83 ਦਿਨਾਂ ਤੋਂ ਜਾਰੀ ਹਿੰਸਾ ਵਿੱਚ 160 ਲੋਕ ਮਾਰੇ ਜਾ ਚੁੱਕੇ ਹਨ। ਕਈ ਔਰਤਾਂ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਤੇ ਫਿਰ ਕਤਲ ਕਰ ਦਿੱਤਾ ਗਿਆ। ਅਜਿਹੀ ਹੀ ਇੱਕ ਔਰਤ ਦੀ ਮਾਂ ਨੇ ਆਪਣੀ ਧੀ ਨਾਲ ਹੋਏ ਜ਼ੁਲਮ ਦੀ ਇੱਕ ਖੌਫਨਾਕ ਕਹਾਣੀ ਸੁਣਾਈ ਹੈ। 


ਹਿੰਸਾ ਸ਼ੁਰੂ ਹੋਣ ਤੋਂ ਦੋ ਦਿਨ ਬਾਅਦ, 5 ਮਈ ਨੂੰ ਸਮੂਹਿਕ ਬਲਾਤਕਾਰ ਤੇ ਬਾਅਦ ਵਿੱਚ ਕਤਲ ਕੀਤੀਆਂ ਗਈਆਂ ਦੋ ਔਰਤਾਂ ਵਿੱਚ ਉਸ ਦੀ ਧੀ ਵੀ ਸ਼ਾਮਲ ਸੀ। ਐਨਡੀਟੀਵੀ ਨਾਲ ਗੱਲਬਾਤ ਕਰਦਿਆਂ ਕਬਾਇਲੀ ਔਰਤ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਫ਼ੋਨ 'ਤੇ ਧਮਕੀ ਆਈ ਕਿ ਤੁਸੀਂ ਆਪਣੀ ਧੀ ਨੂੰ ਜ਼ਿੰਦਾ ਦੇਖਣਾ ਚਾਹੁੰਦੇ ਹੋ ਜਾਂ ਮਰਿਆ ਹੋਇਆ? ਫੋਨ 'ਤੇ ਗੱਲ ਕਰਨ ਵਾਲੀ ਵੀ ਇੱਕ ਔਰਤ ਸੀ। ਬਾਅਦ ਵਿੱਚ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ।


ਧੀ ਦੀ ਲਾਸ਼ ਅੱਜ ਤੱਕ ਨਹੀਂ ਮਿਲੀ
ਪਰਿਵਾਰ ਅਜੇ ਵੀ ਬੇਟੀ ਦੀ ਲਾਸ਼ ਦੀ ਉਡੀਕ ਕਰ ਰਿਹਾ ਹੈ। ਔਰਤ ਨੇ ਕਿਹਾ, 'ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰੀ ਬੇਟੀ ਹੁਣ ਇਸ ਦੁਨੀਆ 'ਚ ਨਹੀਂ ਰਹੀ। ਕਈ ਵਾਰ ਉਮੀਦ ਹੁੰਦੀ ਹੈ ਕਿ ਮੇਰੀ ਧੀ ਵਾਪਸ ਆ ਜਾਵੇਗੀ, ਕਿਉਂਕਿ ਉਸ ਨਾਲ ਕੀ ਹੋਇਆ, ਇਹ ਮੈਂ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ। ਅੱਜ ਵੀ ਮੈਂ ਵਿਸ਼ਵਾਸ ਨਹੀਂ ਕਰ ਪਾ ਰਹੀ ਕਿ ਮੇਰੀ ਧੀ ਨਾਲ ਕੀ ਹੋਇਆ।


ਧੀ ਨੂੰ ਕਮਰੇ ਵਿੱਚ ਕੈਦ ਕੀਤਾ ਗਿਆ ਸੀ
ਐਨਡੀਟੀਵੀ ਨੇ ਇੱਕ ਚਸ਼ਮਦੀਦ ਦੇ ਹਵਾਲੇ ਨਾਲ ਦੱਸਿਆ ਕਿ ਦੋਵਾਂ ਨੂੰ ਸੱਤ ਬੰਦਿਆਂ ਨੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਉਹ ਬਾਹਰ ਜਾਣ ਲਈ ਰੌਲਾ ਪਾਉਂਦੀ ਰਹੀ ਪਰ ਕਿਸੇ ਨੂੰ ਉਸ 'ਤੇ ਤਰਸ ਨਹੀਂ ਆਇਆ। ਘਟਨਾ ਨੂੰ ਦੇਖਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਔਰਤਾਂ ਦੀ ਭੀੜ ਨੇ ਪੁਰਸ਼ਾਂ ਨੂੰ ਦੋਵਾਂ 'ਤੇ ਹਮਲਾ ਕਰਨ ਲਈ ਉਕਸਾਇਆ ਸੀ।


ਔਰਤ ਦੀ ਮਾਂ ਨੇ ਦੱਸਿਆ, ਹਿੰਸਾ ਕਾਰਨ ਮੈਂ ਪ੍ਰੇਸ਼ਾਨ ਸੀ, ਇਸ ਲਈ ਮੈਂ ਉਸ ਨੂੰ ਫੋਨ ਕੀਤਾ। ਇੱਕ ਔਰਤ ਨੇ ਫ਼ੋਨ ਚੁੱਕਿਆ ਤੇ ਪੁੱਛਿਆ ਕਿ ਕੀ ਮੈਂ ਆਪਣੀ ਧੀ ਨੂੰ ਮਰਿਆ ਹੋਇਆ ਜਾਂ ਜ਼ਿੰਦਾ ਦੇਖਣਾ ਚਾਹੁੰਦੀ ਹਾਂ। ਇਸ ਤੋਂ ਬਾਅਦ ਉਸ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਮਾਂ ਨੇ ਆਪਣੇ ਦੂਜੇ ਬੱਚਿਆਂ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ। ਇਸ ਘਟਨਾ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਫੋਨ ਆਇਆ ਅਤ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਇਸ ਦੁਨੀਆ 'ਚ ਨਹੀਂ ਰਹੀ।