ਚੰਡੀਗੜ੍ਹ: ਪੁਣੇ ਵਿੱਚ ਇੱਕ ਕੁੱਤੀ ਨੇ ਆਪਣੇ ਮਾਲਕ ਦੀ ਜਾਨ ਬਚਾਈ। ਡਾ. ਰਮੇਸ਼ ਸੰਚੇਤੀ (65) ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਸਕਦੀ ਸੀ ਪਰ ਉਨ੍ਹਾਂ ਦੀ ਪਾਲਤੂ ਕੁੱਤੀ ਨੇ ਸਮਾਂ ਰਹਿੰਦੇ ਉਨ੍ਹਾਂ ਦੇ ਗੁਆਂਢੀਆਂ ਨੂੰ ਚੌਕਸ ਕਰ ਦਿੱਤਾ ਜਿਸ ਪਿੱਛੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਨ੍ਹਾਂ ਦੀ ਜਾਨ ਬਚ ਗਈ।


‘ਪੁਣੇ ਮਿਰਰ’ ਦੀ ਖ਼ਬਰ ਮੁਤਾਬਕ ਸੰਚੇਤੀ ਆਪਣੀ ਪਤਨੀ ਤੇ ਪੁੱਤਰ ਨਾਲ ਪੁਣੇ ਸਿਟੀ ਵਿੱਚ ਰਹਿੰਦੇ ਹਨ। ਕਰੀਬ 16 ਸਾਲ ਪਹਿਲਾਂ ਪਹਿਲਾਂ ਉਹ ਇੱਕ ਛੋਟੀ ਜਿਹੀ ਆਵਾਰਾ ਕੁੱਤੀ ਨੂੰ ਆਪਣੇ ਘਰ ਲੈ ਆਏ ਤੇ ਉਸ ਦੀ ਦੇਖ-ਭਾਲ ਕਰਨ ਲੱਗੇ। ਉਸ ਦਾ ਨਾਂ ‘ਬ੍ਰਾਉਨੀ’ ਰੱਖਿਆ। 23 ਜਨਵਰੀ ਨੂੰ ਰਮੇਸ਼ ਘਰ ਵਿੱਚ ਇਕੱਲੇ ਸਨ। ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਉਨ੍ਹਾਂ ਨੂੰ ਅੰਸ਼ਿਕ ਤੌਰ ’ਤੇ ਅਧਰੰਗ ਹੋ ਗਿਆ ਤੇ ਉਹ ਆਪਣੇ ਕਮਰੇ ਵਿੱਚ ਡਿੱਗ ਗਏ। ਇਸ ਸਮੇਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਜਾਣ ਦੀ ਲੋੜ ਸੀ ਪਰ ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ।

ਇਸੇ ਦੌਰਾਨ ਜਦੋਂ ਕੁੱਤੀ ਨੇ ਖਿੜਕੀ ਦੇ ਬਾਹਰੋਂ ਉਨ੍ਹਾਂ ਨੂੰ ਇਸ ਹਾਲਤ ਵਿੱਚ ਵੇਖਿਆ ਤਾਂ ਉਸ ਨੇ ਬਿਨ੍ਹਾਂ ਦੇਰੀ ਕੀਤੇ ਉਨ੍ਹਾਂ ਦੇ ਗੁਆਂਢੀ ਅਮਿਤ ਸ਼ਾਹ ਨੂੰ ਜਾ ਕੇ ਚੌਕਸ ਕੀਤਾ। ਸ਼ਾਹ ਅਕਸਰ ਬ੍ਰਾਉਨੀ ਨੂੰ ਖਾਣਾ ਖਵਾਉਂਦਾ ਸੀ। ਉਨ੍ਹਾਂ ਉਸ ਦਿਨ ਵੀ ਬ੍ਰਾਉਨੀ ਨੂੰ ਖਾਣਾ ਦਿੱਤਾ ਪਰ ਉਸ ਨੇ ਖਾਣੇ ਵੱਲ ਧਿਆਨ ਨਾ ਕੀਤਾ ਤੇ ਡਾ. ਰਮੇਸ਼ ਦੇ ਕਮਰੇ ਵੱਲ ਇਸ਼ਾਰੇ ਕੀਤੇ। ਇਸ ਪਿੱਛੋਂ ਸ਼ਾਹ ਨੂੰ ਅਹਿਸਾਸ ਹੋਇਆ ਕਿ ਕੁਝ ਤਾਂ ਜ਼ਰੂਰ ਵਾਪਰ ਗਿਆ ਹੈ। ਕੁੱਤੀ ਦੇ ਦੱਸਣ ਪਿਛੋਂ ਸ਼ਾਹ ਤੁਰੰਤ ਡਾ. ਰਮੇਸ਼ ਦੇ ਕਮਰੇ ਵਿੱਚ ਪੁੱਜੇ ਤੇ ਉਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ ਪਹੁੰਚਾਇਆ।