ਨਵੀਂ ਦਿੱਲੀ: ਦੁਨੀਆ ਦੇ ਭ੍ਰਿਸ਼ਟ ਦੇਸ਼ਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਭਾਰਤ ਦੀ ਹਾਲਤ ‘ਚ ਕੁਝ ਸੁਧਾਰ ਹੋਇਆ ਹੈ। 180 ਦੇਸ਼ਾਂ ਦੀ ਲਿਸਟ ‘ਚ ਤਿੰਨ ਨੰਬਰਾਂ ਦੇ ਸੁਧਾਰ ਨਾਲ ਭਾਰਤ 78ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਯਾਨੀ ਰੂਸ, ਚੀਨ ਤੇ ਪਾਕਿਸਤਾਨ ਸਮੇਤ 102 ਦੇਸ਼ਾਂ ‘ਚ ਭਾਰਤ ਤੋਂ ਕਿਤੇ ਜ਼ਿਆਦਾ ਭ੍ਰਿਸ਼ਟਾਚਾਰ ਹੈ।

ਇਸ ਰਿਪੋਰਟ ਮੁਤਾਬਕ ਸੋਮਾਲੀਆ ਦੇਸ਼ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਹੈ। ਭ੍ਰਿਸਟਾਚਾਰ-ਨਿਰੋਧਕ ਸਮੂਹ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਗਲੋਬਲ ਭ੍ਰਿਸ਼ਟਾਚਾਰ ਸੂਚੀ-ਪੱਤਰ 2018 ਜਾਰੀ ਕੀਤਾ ਹੈ। ਇਸ ’ਚ 180 ਦੇਸ਼ਾਂ ਦੇ ਨਾਂ ਹਨ। ਇਸ ‘ਚ ਪਹਿਲੇ ਨੰਬਰ ‘ਤੇ ਡੈਨਮਾਰਕ ਹੈ ਯਾਨੀ ਜਿੱਥੇ ਸਭ ਤੋਂ ਘੱਟ ਭ੍ਰਿਸ਼ਟਾਚਾਰ ਹੈ।



ਇਸ ਲਿਸਟ ‘ਚ 2017 ‘ਚ ਭਾਰਤ 81ਵੇਂ ਨੰਬਰ ‘ਤੇ ਸੀ ਜੋ ਇਸ ਸਾਲ 78ਵੇਂ ਨੰਬਰ ‘ਤੇ ਹੈ। ਯਾਨੀ ਪਿਛਲੇ ਇੱਕ ਸਾਲ ਦੇ ਫਰਕ ਨਾਲ ਭਾਰਤ ‘ਚ ਭ੍ਰਿਸ਼ਟਾਚਾਰ ਘੱਟ ਹੋਇਆ ਹੈ। ਬੇਸ਼ੱਕ ਇਹ ਫਰਕ ਕਾਫੀ ਛੋਟਾ ਹੈ।


ਜੇਕਰ ਗੱਲ ਭਾਰਤ ਦੇ ਗੁਆਢੀ ਮੁਲਕਾਂ ਚੀਨ ਤੇ ਪਾਕਿਸਤਾਨ ਦੀ ਕੀਤੀ ਜਾਵੇ ਤਾਂ ਦੋਵਾਂ ਦੇਸ਼ਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਇਸ ਲਿਸਟ ‘ਚ ਚੀਨ 87ਵੇਂ ਤੇ ਪਾਕਿਸਤਾਨ 117 ਵੇਂ ਸਥਾਨ ‘ਤੇ ਖੜ੍ਹਾ ਹੈ। ਡੋਨਾਲਡ ਟਰੰਪ ਦੇ ਰਾਜ ‘ਚ ਅਮਰੀਕਾ ਦੀ ਸਥਿਤੀ ਖ਼ਰਾਬ ਹੋਈ ਹੈ ਪਹਿਲਾਂ 18ਵੇਂ ਨੰਬਰ ‘ਤੇ ਰਹਿਣ ਵਾਲਾ ਅਮਰੀਕਾ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਟਾਪ 20 ਵਿੱਚੋਂ ਬਾਹਰ ਹੋ ਕੇ 22ਵੇਂ ਨੰਬਰ ‘ਤੇ ਆ ਗਿਆ ਹੈ।