ਨਵੀਂ ਦਿੱਲੀ: ਭਾਰਤ, ਪਾਕਿਸਤਾਨ ਦੇ ਨਾਲ ਪੁਰੀ ਦੁਨੀਆ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਣ ਵਾਲੇ ਸੂਫੀ ਗਾਇਕ ਰਾਹਤ ਫ਼ਤਹਿ ਅਲੀ ਖ਼ਾਨ ਮੁਸੀਬਤਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਰਾਹਤ ‘ਤੇ ਵਿਦੇਸ਼ੀ ਮੁਦਰਾ ਦੀ ਤਸਕਰੀ ਦਾ ਵੱਡਾ ਇਲਜ਼ਾਮ ਲੱਗਿਆ ਹੈ। ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਭਾਰਤ ਤੋਂ ਤਿੰਨ ਸਾਲ ਤਕ ਵਿਦੇਸ਼ੀ ਕਰੰਸੀ ਦੀ ਸਮਗਲਿੰਗ ਕੀਤੀ ਹੈ।
'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ ਰਾਹਤ ਫ਼ਤਹਿ ਨੂੰ ਭਾਰਤ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਤਿੰਨ ਲੱਖ 40 ਹਜ਼ਾਰ ਯੂਐਸ ਡਾਲਰ ਮਿਲੇ ਸੀ। ਜਿਨ੍ਹਾਂ 'ਚੋਂ ਰਾਹਤ ਨੇ ਦੋ ਲੱਖ 25 ਹਜ਼ਾਰ ਡਾਲਰ ਦੀ ਸਮਗਲਿੰਗ ਕੀਤੀ ਸੀ।
ਹੁਣ ਮਾਮਲੇ ਦੀ ਜਾਂਚ ਕਰ ਰਹੀ ਈਡੀ ਨੇ ਸੂਫੀ ਗਾਇਕ ਨੂੰ ਫੇਮਾ ਤਹਿਤ ਕਾਰਨ ਦੱਸੋ ਨੋਟਿਸ ਭੇਜ ਜਵਾਬ ਮੰਗਿਆ ਹੈ। ਈਡੀ ਨੇ ਰਾਹਤ ਅਲੀ ਨੂੰ ਦੋ ਕਰੋੜ 61 ਲੱਖ ਰੁਪਏ ਦਾ ਜਵਾਬ ਦੇਣ ਨੂੰ ਕਿਹਾ ਹੈ। ਜੇਕਰ ਈਡੀ ਰਾਹਤ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ ਤਾਂ ਰਾਹਤ ‘ਤੇ 300% ਦਾ ਜ਼ੁਰਮਾਨਾ ਲੱਗ ਸਕਦਾ ਹੈ।
ਜ਼ੁਰਮਾਨਾ ਨਾ ਭਰਨ ਦੀ ਸੂਰਤ ‘ਚ ਰਾਹਤ ਫ਼ਤਹਿ ਅਲੀ ਖ਼ਾਨ ਖ਼ਿਲਾਫ ਭਾਰਤ ‘ਚ ਲੁੱਕਆਊਟ ਨੋਟਿਸ ਜਾਰੀ ਹੋ ਸਕਦਾ ਹੈ ਅਤੇ ਨਾਲ ਹੀ ਭਾਰਤ ‘ਚ ਰਾਹਤ ਦੇ ਸਾਰੇ ਪ੍ਰੋਗਰਾਮਾਂ ‘ਤੇ ਵੀ ਰੋਕ ਲੱਗ ਜਾਵੇਗੀ।