ਨਵੀਂ ਦਿੱਲੀ: ਡਾਕਟਰਾਂ ਨਾਲ ਮਾਰਕੁੱਟ ਦੇ ਬਾਅਦ ਸ਼ੁਰੂ ਹੋਈ ਹੜਤਾਲ ਦਾ ਅਸਰ ਪੱਛਮੀ ਬੰਗਾਲ ਤੋਂ ਲੈ ਕੇ ਦਿੱਲੀ ਤਕ ਦੇਖਣ ਨੂੰ ਮਿਲ ਰਿਹਾ ਹੈ। ਪੱਛਮੀ ਬੰਗਾਲ ਵਿੱਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ ਹੈ। ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਬੇਹੱਦ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਗਾਲ ਦੇ ਡਾਕਟਰਾਂ ਦੇ ਸਮਰਥਨ ਵਿੱਚ ਬੀਤੇ ਕੱਲ੍ਹ ਪੰਜਾਬ ਤੇ ਚੰਡੀਗੜ੍ਹ ਦੇ ਡਾਕਟਰਾਂ ਨੇ ਵੀ ਸੰਕੇਤਕ ਹੜਤਾਲ ਕੀਤੀ ਸੀ।

ਦੇਸ਼ ਦੇ 19 ਤੋਂ ਜ਼ਿਆਦਾ ਸੂਬਿਆਂ ਦੇ ਡਾਕਟਰਾਂ ਨੇ ਹੜਤਾਲ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਉੱਥੇ, ਦਿੱਲੀ ਵਿੱਚ ਅੱਜ ਵੀ ਏਮਜ਼ ਸਮੇਤ 18 ਤੋਂ ਜ਼ਿਆਦਾ ਵੱਡੇ ਹਸਪਤਾਲਾਂ ਦੇ ਲਗਪਗ 10 ਹਜ਼ਾਰ ਡਾਕਟਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 17 ਜੂਨ ਨੂੰ ਡਾਕਟਰਾਂ ਤੋਂ ਦੇਸ਼ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ।

ਦੂਜੇ ਪਾਸੇ ਏਮਜ਼ ਦੇ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਮਮਤਾ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਉਤੇ ਏਮਜ਼ ਵਿਚ ਕਰੇਗੀ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਰਾਤ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਨੀਲ ਰਤਨ ਸਰਕਾਰ ਹਸਪਤਾਲ (ਐਨਆਰਐਸ) ਵਿੱਚ ਡਾਕਟਰਾਂ ਨਾਲ ਹੋਈ ਕੁੱਟ ਮਾਰ ਖ਼ਿਲਾਫ਼ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਵਿੱਚ ਫੈਲ ਗਿਆ ਹੈ।