Indigo Flight : ਕਤਰ ਦੀ ਰਾਜਧਾਨੀ ਦੋਹਾ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਮੈਡੀਕਲ ਐਮਰਜੈਂਸੀ ਕਾਰਨ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ ਹੈ। ਹਾਲਾਂਕਿ ਬਿਮਾਰ ਯਾਤਰੀ ਨੂੰ ਏਅਰਪੋਰਟ ਮੈਡੀਕਲ ਟੀਮ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।

 

ਇਹ ਵੀ ਪੜ੍ਹੋ : ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ , IPS ਅਧਿਕਾਰੀ ਨਾਲ ਲੈਣਗੇ ਲਾਵਾਂ


ਇੰਡੀਗੋ ਦੀ ਫਲਾਈਟ 6E-1736 ਦਿੱਲੀ ਤੋਂ ਦੋਹਾ ਜਾ ਰਹੀ ਸੀ। ਮੈਡੀਕਲ ਐਮਰਜੈਂਸੀ ਕਾਰਨ ਫਲਾਈਟ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ। ਏਅਰਲਾਈਨ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ ਹਵਾਈ ਅੱਡੇ 'ਤੇ ਪਹੁੰਚਣ 'ਤੇ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ।



ਇੰਡੀਗੋ ਨੇ ਕਿਹਾ, "ਅਸੀਂ ਇਸ ਖਬਰ ਤੋਂ ਬਹੁਤ ਦੁਖੀ ਹਾਂ ਅਤੇ ਸਾਡੀਆਂ ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਮ੍ਰਿਤਕ ਦੇ ਪਰਿਵਾਰ ਨਾਲ ਹਨ। ਫਿਲਹਾਲ ਬਾਕੀ ਯਾਤਰੀਆਂ ਨੂੰ ਕਿਸੇ ਹੋਰ ਫਲਾਈਟ ਵਿੱਚ ਤਬਦੀਲ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ"।

 


 

 ਨਾਈਜੀਰੀਆ ਦਾ ਨਾਗਰਿਕ ਸੀ ਯਾਤਰੀ 

ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਵਿੱਚ ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਫਲਾਈਟ ਨੇ ਮ੍ਰਿਤਕ ਯਾਤਰੀ ਨੂੰ ਲੈ ਕੇ ਵਾਪਸ ਦਿੱਲੀ ਲਈ ਉਡਾਣ ਭਰੀ। ਸੂਤਰਾਂ ਦਾ ਕਹਿਣਾ ਹੈ ਕਿ ਲੈਂਡਿੰਗ ਯਾਤਰੀ ਨੂੰ ਬਚਾਉਣ ਲਈ ਕੀਤੀ ਗਈ ਸੀ, ਜੋ ਨਾਈਜੀਰੀਆ ਦਾ ਨਾਗਰਿਕ ਸੀ।

 

 ਦੱਸ ਦੇਈਏ ਕਿ ਇਕ ਰਿਪੋਰਟ ਮੁਤਾਬਕ ਅੱਧ ਵਿਚਕਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇੰਡੀਗੋ ਦੇ ਪਾਇਲਟ ਨੇ ਜਹਾਜ਼ ਨੂੰ ਕਰਾਚੀ ਹਵਾਈ ਅੱਡੇ 'ਤੇ ਲੈਂਡ ਕਰਨ ਦਾ ਫੈਸਲਾ ਕੀਤਾ। ਇੰਡੀਗੋ ਫਲਾਈਟ 6E 1736 ਨੇ 12 ਮਾਰਚ, 2023 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਤੋਂ ਰਾਤ 10 .05 ਵਜੇ ਉਡਾਣ ਭਰੀ ਸੀ ਅਤੇ 11.43 ਵਜੇ ਦੋਹਾ ਦੇ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨਾ ਸੀ। ਹਾਲਾਂਕਿ, ਫਲਾਈਟ ਨੂੰ 13 ਮਾਰਚ 2023 ਨੂੰ ਸਵੇਰੇ 00:08 ਵਜੇ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਿਆ ਗਿਆ , ਜਦੋਂ ਇੱਕ ਯਾਤਰੀ ਬਿਮਾਰ ਹੋ ਗਿਆ ਸੀ। ਸਥਾਨਕ ਪਾਕਿਸਤਾਨੀ ਨਿਊਜ਼ ਚੈਨਲ ਏਆਰਵਾਈ ਨਿਊਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਏਏ ਅਤੇ ਐਨਆਈਐਚ ਦੇ ਡਾਕਟਰਾਂ ਨੇ ਯਾਤਰੀ ਦਾ ਮੌਤ ਦਾ ਸਰਟੀਫਿਕੇਟ ਜਾਰੀ ਕੀਤਾ ਹੈ।