ਚੰਡੀਗੜ੍ਹ: ਭਾਰਤੀ ਗਾਹਕਾਂ ਨੂੰ ਲੁਭਾਉਣ ਲਈ ਦੇਸੀ ਤੇ ਵਿਦੇਸ਼ੀ ਏਅਰਲਾਈਨ ਕੰਪਨੀਆਂ ਵਿੱਚ ਹਵਾਈ ਟਿਕਟਾਂ ਸਸਤੀਆਂ ਕਰਨ ਦੀ ਦੌੜ ਲੱਗੀ ਹੋਈ ਹੈ। ਘਰੇਲੂ ਯਾਤਰਾ ਲਈ ਦੇਸੀ ਕੰਪਨੀਆਂ ਦੀਆਂ ਟਿਕਟਾਂ 899 ਰੁਪਏ ਜਦਕਿ ਵਿਦੇਸ਼ੀ ਯਾਤਰਾ ਲਈ 3,399 ਰੁਪਏ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਦਾ ਮਕਸਦ ਸੁਸਤ ਮੌਸਮ ਵਿੱਚ ਸੀਟਾਂ ਭਰਨ ਦੇ ਨਾਲ-ਨਾਲ ਐਡਵਾਂਸ ਵਿਕਰੀ ਲਈ ਨਕਦੀ ਜਮ੍ਹਾ ਕਰਨਾ ਵੀ ਹੋ ਸਕਦਾ ਹੈ।


ਇਸੇ ਲੜੀ ਵਿੱਚ ਕਤਰ ਇਕਾਨਮੀ ਤੇ ਬਿਜ਼ਨਸ ਕਲਾਸ ਦੀਆਂ ਟਿਕਟਾਂ ’ਤੇ 35 ਫੀਸਦੀ ਤੋਂ 25 ਫੀਸਦੀ ਤਕ ਛੋਟ ਪੇਸ਼ ਕੀਤੀ ਜਾ ਰਹੀ ਹੈ। 16 ਜਨਵਰੀ ਤਕ ਬੁਕਿੰਗ ਤੇ 31 ਦਸੰਬਰ, 2019 ਤਕ ਦੀ ਯਾਤਰਾ ਲਈ ਕੰਪਨੀ ਦੀਆਂ ਸਾਰੀਆਂ ਉਡਾਣਾਂ ’ਤੇ ਆਫ਼ਰ ਦਾ ਫਾਇਦਾ ਲਿਆ ਜਾ ਸਕਦਾ ਹੈ।

ਇਸੇ ਤਰ੍ਹਾਂ ਬ੍ਰਿਟਿਸ਼ ਏਅਰਵੇਜ਼ ਨੇ ਵੀ ‘ਜਨਵਰੀ ਸੇਲ’ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ 100 ਥਾਵਾਂ ਦੀਆਂ ਟਿਕਟਾਂ ਦੀ ਇਕਾਨਮੀ, ਪ੍ਰੀਮੀਅਮ ਇਕਾਨਮੀ ਤੇ ਬਿਜ਼ਨਸ ਕੈਬਿਨਜ਼ ਦੀਆਂ ਟਿਕਟਾਂ ’ਤੇ ਛੋਟ ਦਿੱਤੀ ਜਾ ਰਹੀ ਹੈ। ਲੰਡਨ ਦੀ ਰਿਟਰਨ ਟਿਕਟ 43,779 ਰੁਪਏ 'ਚ ਉਪਲਬਧ ਹੈ। ਟਿਕਟਾਂ ਦੀ ਵਿਕਰੀ 31 ਜਨਵਰੀ ਤਕ ਜਾਰੀ ਰਹੇਗੀ।

ਇਸ ਦੇ ਨਾਲ ਹੀ ਏਤਿਹਾਦ ਏਅਰਵੇਜ਼ ਦੀ ਵੀ ਗਲੋਬਲ ਸੇਲ ਚੱਲ ਰਹੀ ਹੈ। ਇਸ ਵਿੱਚ ਭਾਰਤ ਤੋਂ ਆਬੂ ਧਾਬੀ, ਅਮਰੀਕਾ, ਯੂਰੋਪ, ਕੈਨੇਡਾ, ਆਸਟ੍ਰੇਲੀਆ ਤੇ ਅਫ਼ਰੀਕਾ ਦੀ ਯਾਤਰਾ ’ਤੇ ਜਾਣ ਵਾਲੀਆਂ ਟਿਕਟਾਂ ’ਤੇ ਛੋਟ ਮਿਲੇਗੀ। ਐਤਿਹਾਦ ਮੁਤਾਬਕ 29 ਜਨਵਰੀ ਤੋਂ 29 ਮਾਰਚ ਦੀ ਯਾਤਰਾ ਦੌਰਾਨ ਇਕਾਨਮੀ ਕਲਾਸ ਦੀਆਂ ਟਿਕਟਾਂ ’ਤੇ 35 ਫੀਸਦੀ ਜਦਕਿ ਬਿਜ਼ਨੈਸ ਕਲਾਸ ਦੀਆਂ ਟਿਕਟਾਂ ’ਤੇ 20 ਫੀਸਦੀ ਛੋਟ ਮਿਲੇਗੀ।

ਦੇਸੀ ਉਡਾਣਾਂ ਦੀ ਗੱਲ ਕੀਤੀ ਜਾਏ ਤਾਂ ਇੰਡੀਗੋ ਆਪਣੇ ਸਾਰੇ ਨੈਟਵਰਕ ’ਤੇ 31 ਜਨਵਰੀ ਤਕ 899 ਰੁਪਏ ਤੋਂ ਟਿਕਟਾਂ ਵੇਚ ਰਹੀ ਹੈ। ਕੌਮਾਂਤਰੀ ਯਾਤਰਾ ਲਈ ਟਿਕਟਾਂ 3,399 ਰੁਪਏ ਤੋਂ ਸ਼ੁਰੂ ਹਨ। ਸੇਲ ਦੀਆਂ ਟਿਕਟਾਂ 24 ਜਨਵਰੀ ਤੋਂ 15 ਅਪਰੈਲ ਵਿਚਾਲੇ ਦੀ ਯਾਤਰਾ ਲਈ ਖਰੀਦੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਗੋ ਏਅਰ ਤੇ ਜੈਟ ਏਅਰਵੇਜ਼ ਵੀ ਆਪਣੀਆਂ ਉਡਾਣਾਂ ’ਤੇ ਭਾਰੀ ਛੋਟ ਦੇ ਰਹੀਆਂ ਹਨ।