ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੇ ਅੰਤ੍ਰਿਮ ਬਜਟ ਨੂੰ ਚੋਣ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਪੇਸ਼ ਕੀਤੇ ਬਜਟ ਦਾ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।


ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਸ ਮੋੜ 'ਤੇ ਕਿਸਾਨਾਂ ਤੇ ਮੱਧ ਵਰਗ ਨੂੰ ਛੋਟਾਂ ਜਾਂ ਰਿਆਇਤਾਂ ਚੋਣਾਂ 'ਤੇ ਅਸਰ ਪਾਉਣ ਲਈ ਹੀ ਦਿੱਤੀਆਂ ਜਾ ਰਹੀਆਂ ਹਨ। ਉੱਘੇ ਅਰਥ-ਸ਼ਾਸਤਰੀ ਮਨਮੋਹਨ ਸਿੰਘ ਦੇ ਨਾਲ ਨਾਲ ਕਾਂਗਰਸ ਪਾਰਟੀ ਨੇ ਵੀ ਮੋਦੀ ਸਰਕਾਰ ਦੇ ਬਜਟ ਦੀ ਆਲੋਚਨਾ ਕੀਤੀ।

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਾਲਾਨਾ 6000 ਦੀ ਰਾਸ਼ੀ 'ਤੇ ਤਿੱਖਾ ਵਿਅੰਗ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਪੰਜ ਸਾਲਾਂ ਦੀਆਂ ਨਾਕਾਮੀਆਂ ਲੁਕਾਉਣ ਲਈ ਅਜਿਹੇ ਐਲਾਨ ਕੀਤੇ ਹਨ।