ਤਿਰੂਵਨੰਤਪੁਰਮ: ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ (Dr. Manmohan Singh) ਕਾਫੀ ਲੰਬੇ ਸਮੇਂ ਮਗਰੋਂ ਮੌਜੂਦਾ ਸਿਆਸੀ, ਸਮਾਜਿਕ ਤੇ ਆਰਥਿਕ ਹਾਲਾਤ ਬਾਰੇ ਬੋਲੇ ਹਨ। ਉਨ੍ਹਾਂ ਰਾਜ ਸਰਕਾਰਾਂ ਨਾਲ ਨਿਯਮਤ ਸਲਾਹ ਮਸ਼ਵਰਾ ਨਾ ਕਰਨ ਲਈ ਕੇਂਦਰ ਸਰਕਾਰ (Central Government) ਦੀ ਜ਼ੋਰਦਾਰ ਨੁਕਤਾਚੀਨੀ ਕੀਤੀ।


ਉਨ੍ਹਾਂ ਨੇ ਮੋਦੀ ਸਰਕਾਰ ਦੀ ਕਾਰਜਸ਼ੈਲੀ ਉੱਪਰ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਸੰਘਵਾਦ ਤੇ ਰਾਜਾਂ ਨਾਲ ਨਿਯਮਤ ਸਲਾਹ ਮਸ਼ਵਰਾ ਭਾਰਤੀ ਅਰਥਚਾਰੇ ਤੇ ਸਿਆਸੀ ਫ਼ਲਸਫ਼ੇ ਦਾ ਨੀਂਹ ਪੱਥਰ ਹਨ ਤੇ ਸੰਵਿਧਾਨ ’ਚ ਵੀ ਇਹ ਗੱਲ ਦਰਜ ਹੈ, ਪਰ ਮੌਜੂਦਾ ਕੇਂਦਰ ਸਰਕਾਰ ਨੂੰ ਸ਼ਾਇਦ ਇਹ ਗੱਲ ਪਸੰਦ ਨਹੀਂ ਹੈ।


ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਲ 2016 ਵਿੱਚ ਲਏ ਨੋਟਬੰਦੀ ਦੇ ਮਾੜੇ ਫੈਸਲੇ ਕਰਕੇ ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਆਪਣੇ ਸਿਖਰਲੇ ਪੱਧਰ ’ਤੇ ਹੈ ਤੇ ਗੈਰ-ਰਸਮੀ ਸੈਕਟਰ ਤਬਾਹੀ ਕੰਢੇ ਪੁੱਜ ਗਿਆ ਹੈ। ਉਨ੍ਹਾਂ ਕਿਹਾ, ‘ਬੇਰੁਜ਼ਗਾਰੀ ਸਿਖਰਲੇ ਪੱਧਰ ’ਤੇ ਹੈ ਤੇ ਜਦੋਂਕਿ ਗੈਰ-ਰਸਮੀ ਸੈਕਟਰ ਤਬਾਹੀ ਕੰਢੇ ਹੈ। ਇਹ ਸੰਕਟ ਸਾਲ 2016 ਵਿੱਚ ਨੋਟਬੰਦੀ ਦੇ ਮਾੜੇ ਫੈਸਲੇ ਦਾ ਨਤੀਜਾ ਹੈ।’


ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਕਰਜ਼ਿਆਂ ਦੇ ਨਾਂ ’ਤੇ ਕੀਤੇ ਆਰਜ਼ੀ ਉਪਰਾਲੇ, ਕਰਜ਼ਿਆਂ ਦੇ ਵਧਦੇ ਸੰਕਟ ਬਾਰੇ ਸਾਡੀਆਂ ਅੱਖਾਂ ਨੂੰ ਬੰਦ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਸਭ ਤੋਂ ਵੱਧ ਮਾਰ ਛੋਟੇ ਤੇ ਦਰਮਿਆਨੇ ਸੈਕਟਰ ਨੂੰ ਪਏਗੀ।


ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਕਬੂਲੀ ਦਾਦੀ ਇੰਦਰਾ ਗਾਂਧੀ ਦੀ 'ਗਲਤੀ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904