135 ਕਿਲੋ ਸੋਨੇ ਨਾਲ ਸੱਤ ਲੋਕ ਗ੍ਰਿਫ਼ਤਾਰ, ਖ਼ੁਫੀਆ ਸੂਚਨਾ ਦੇ ਆਧਾਰ ‘ਤੇ ਕੀਤੀ ਸੀ ਕਾਰਵਾਈ
ਏਬੀਪੀ ਸਾਂਝਾ | 30 Mar 2019 01:14 PM (IST)
ਮੁੰਬਈ: ਡੀਆਰਆਈ ਨੇ ਦੱਖਣੀ ਮੁੰਬਈ ਦੇ ਡੋਂਗਰੀ ਇਲਾਕੇ ‘ਚ 135 ਕਿਲੋ ਸੋਨਾ ਬਰਾਮਦ ਕੀਤਾ ਹੈ ਅਤੇ ਇਸ ਦੇ ਨਾਲ ਹੀ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਡੀਆਰਆਈ ਮੁਤਾਬਕ, ਸੋਨੇ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਡੀਆਰਆਈ ਨੇ ਇੱਕ ਖ਼ੁਫੀਆ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਹਾਲ ਹੀ ‘ਚ ਮੁੰਬਈ ਦੇ ਡੋਂਗਰੀ ਇਲਾਕੇ ‘ਚ ਦੋ ਵਾਹਨਾਂ ‘ਚ ਲੁਕਾ ਕੇ ਰੱਖੇ ਗਏ 75 ਕਿਲੋਗ੍ਰਾਮ ਤਸਕਰੀ ਦੇ ਸੋਨੇ ਨੂੰ ਜ਼ਬਤ ਕੀਤਾ ਅਤੇ ਇਸ ਮਾਮਲੇ ‘ਚ ਅੱਬਦੁਲ ਅਹਿਦ ਜ਼ਾਰੋਦਾਰਵਾਲਾ, ਸ਼ੇਫ਼ ਅਬਦੁਲ ਅਹਿਦ ਅਤੇ ਸ਼ੋਇਬ ਜ਼ਾਰੋਦਾਰਵਾਲਾ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਸ਼ੋਇਬ ਅਤੇ ਅਬਦੁਲ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਨਿਸਾਰ ਅਲਿਆਰ ਨਾਂਅ ਦੇ ਇੱਕ ਵਿਅਕਤੀ ਤੋਂ ਕੁਲ 200 ਕਿੱਲੋ ਤੋਂ ਜ਼ਿਆਦਾ ਤਸਕਰੀ ਦਾ ਸੋਨਾ ਮਿਲਿਆ ਸੀ। ਦੋਵਾਂ ਨੇ ਦਲਾਲੀ ‘ਤੇ ਥੋਕ ਬਾਜ਼ਾਰ ‘ਚ ਸੋਨਾ ਵੇਚਿਆ ਵੀ। ਇਸ ਮਾਮਲੇ ਚ’ ਹੋਰ ਵੀ ਕਈਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉੱਧਰ, ਨਿਸਾਰ ਨੇ ਦੁਬਈ ਤੋਂ ਭਾਰਤ 200 ਕਿੱਲੋ ਸੋਨੇ ਦੀ ਤਸਕਰੀ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਮਾਮਲੇ ‘ਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।