ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ’ਚ ਵੱਡੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ (ਬ) ਸੰਕਟ ਵਿੱਚ ਘਿਰਨ ਲੱਗਾ ਹੈ। ਅਕਾਲੀ ਦਲ ਨੂੰ ਪਹਿਲਾ ਝਟਕਾ ਦਿੱਲੀ ਵਿੱਚ ਲੱਗਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮ) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੱਖਰੀ ਜਥੇਬੰਦੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਬਗਾਵਤ ਨੂੰ ਦਬਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਮੀਤ ਸਿੰਘ ਕਾਲਕਾ ਨੂੰ ਪਾਰਟੀ ’ਚੋਂ ਕੱਢ ਦਿੱਤੀ ਹੈ। ਇਸ ਦੇ ਨਾਲ ਹੀ ਦਿੱਲੀ ਦਾ ਜਥੇਬੰਦਕ ਢਾਂਚਾ ਭੰਗ ਕਰਕੇ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ।



ਉਧਰ, ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਜਾਣ ਮਗਰੋਂ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਨਵਾਂ ਧਾਰਮਿਕ ਫਰੰਟ ਬਣਾਉਣ ਦੀ ਗੱਲ ਕੀਤੀ ਪਰ ਪਾਰਟੀ ਨੇ ਮੈਨੂੰ ਕੱਢ ਦਿੱਤਾ ਹੈ। ਮੈਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਮੁਖੀ ਦਾ ਅਹੁਦਾ ਛੱਡ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਜੋ ਕੰਮ ਚੱਲ ਰਿਹਾ ਸੀ, ਜੋ ਢੰਗ ਤਰੀਕੇ ਚੱਲ ਰਹੇ ਸਨ, ਮੈਂ ਉਸ ਨਾਲ ਸਹਿਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੀ ਸੰਗਤ ਨੂੰ ਪੁੱਛ ਕੇ ਨਵੀਂ ਪਾਰਟੀ ਬਣਾਈ ਜਾਵੇਗੀ।

ਹਰਮੀਤ ਸਿੰਘ ਕਾਲਕਾ ਨੇ ਅਵਤਾਰ ਸਿੰਘ ਹਿੱਤ ਦੀ ਪ੍ਰਧਾਨਗੀ ਹੇਠ ਕਮੇਟੀ ਦੇ ਗਠਨ 'ਤੇ ਕਿਹਾ ਕਿ ਦਿੱਲੀ ਦੀ ਸੰਗਤ ਜਾਣਦੀ ਹੈ ਕਿ ਹਿੱਤ ਦਾ ਕਿਰਦਾਰ ਕਿਹੋ ਜਿਹਾ ਰਿਹਾ ਹੈ। ਅਕਾਲੀ ਦਲ ਨੂੰ ਉਭਾਰਨ ਤੇ ਡੁੱਬਣ ਵਿੱਚ ਉਸ ਨੇ ਕੀ-ਕੀ ਕੰਮ ਕੀਤਾ ਹੈ।

ਉਧਰ, ਪਾਰਟੀ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ  ਕਿ ਡੀਐਸਜੀਐਮ ਦੇ ਪ੍ਰਧਾਨ ਅਤੇ ਹੋਰਨਾਂ ਅਕਾਲੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਿੱਖ ਕੌਮ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਨ੍ਹਾਂ ਗਤੀਵਿਧੀਆਂ ਨੂੰ ਅਨੁਸ਼ਾਸਨਹੀਣਤਾ ਮੰਨਦਿਆਂ ਹਰਮੀਤ ਸਿੰਘ ਕਾਲਕਾ ਤੇ ਹੋਰਨਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਦਿੱਲੀ ਦੇ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਜਾਵੇਗਾ।