Members Expressed Concern Over The Rising Outbreak Of Cancer In Rajya Sabha, Demand For Prevention Measures


ਨਵੀਂ ਦਿੱਲੀ: ਭਾਰਤ ਵਿੱਚ ਕੈਂਸਰ ਨੇ ਖਤਰਨਾਕ ਰੂਪ ਧਾਰ ਲਿਆ ਹੈ। ਅਹਿਮ ਗੱਲ ਹੈ ਕਿ ਦੇਸ਼ ਵਿੱਚ ਰੋਜ਼ ਕਰੀਬ 1500 ਲੋਕ ਮਰ ਰਹੇ ਹਨ ਪਰ ਇਹ ਅਜੇ ਤੱਕ ਸਿਆਸੀ ਪਾਰਟੀਆਂ ਦੇ ਏਜੰਡੇ ਉੱਪਰ ਨਹੀਂ ਹੈ। ਇਸ ਦੀ ਗੰਭੀਰਤਾ ਨੂੰ ਵੇਖਦਿਆਂ ਅੱਜ ਰਾਜ ਸਭਾ 'ਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਦੇਸ਼ 'ਚ ਜਾਨਲੇਵਾ ਕੈਂਸਰ ਫੈਲਣ ਤੇ ਇਸ ਕਾਰਨ ਮੌਤਾਂ ਦੇ ਵਧਦੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਈ ਹੈ। ਸੰਸਦ ਮੈਂਬਰਾਂ ਨੇ ਸਰਕਾਰ ਤੋਂ ਇਸ ਦੀ ਰੋਕਥਾਮ ਲਈ ਉਪਾਅ ਕਰਨ ਦੀ ਮੰਗ ਕੀਤੀ।


ਸਿਫ਼ਰ ਕਾਲ ਦੌਰਾਨ ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਕਿ ਦੇਸ਼ 'ਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਸ ਕਾਰਨ ਰੋਜ਼ ਕਰੀਬ 1500 ਲੋਕ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਨਾਲ ਹਰ ਸਾਲ 12 ਤੋਂ 15 ਲੱਖ ਲੋਕ ਮਰ ਰਹੇ ਹਨ, ਜੇ ਇਸ 'ਤੇ ਕਾਬੂ ਪਾਉਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ 'ਚ ਇਹ ਸੁਨਾਮੀ ਦਾ ਰੂਪ ਧਾਰਨ ਕਰ ਲਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਕੈਂਪ ਲਗਾਏ ਜਾਣ ਤਾਂ ਜੋ ਕੈਂਸਰ ਦੇ ਲੱਛਣ ਦਿਖਾਈ ਦੇਣ ’ਤੇ ਲੋਕਾਂ ਦੀ ਜਾਂਚ ਕੀਤੀ ਜਾ ਸਕੇ ਤੇ ਇਲਾਜ ਸ਼ੁਰੂ ਕੀਤਾ ਜਾ ਸਕੇ।


ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਮਹੇਸ਼ ਪੋਦਾਰ ਨੇ ਕਿਹਾ ਕਿ ਪ੍ਰੋਸੈਸਡ ਮੀਟ ਤੋਂ ਕੈਂਸਰ ਦਾ ਓਨਾ ਹੀ ਖ਼ਤਰਾ ਹੁੰਦਾ ਹੈ, ਜਿੰਨਾ ਸਿਗਰਟ ਪੀਣ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਇੱਕ ਖੋਜ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ "ਇਹ ਡਰ ਹੈ ਕਿ 2025 ਤੱਕ, ਇਕੱਲੇ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਸਾਲਾਨਾ ਗਿਣਤੀ 1.6 ਮਿਲੀਅਨ ਤੱਕ ਪਹੁੰਚ ਸਕਦੀ ਹੈ।"


ਉਨ੍ਹਾਂ ਨੇ ਅਮਰੀਕਾ ਵਿੱਚ ਪ੍ਰੋਸੈਸਡ ਮੀਟ ਦੇ ਲੋਕਾਂ ਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਜ਼ਿਕਰ ਕਰਦੇ ਹੋਏ ਮੰਗ ਕੀਤੀ ਕਿ ਜਿਸ ਤਰ੍ਹਾਂ ਸਿਗਰਟ ਤੇ ਤੰਬਾਕੂ ਉਤਪਾਦਾਂ 'ਤੇ ਕੈਂਸਰ ਦੀ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਪ੍ਰੋਸੈਸਡ ਮੀਟ 'ਤੇ ਵੀ ਕੈਂਸਰ ਦੀ ਚਿਤਾਵਨੀ ਜਾਰੀ ਕਰਨੀ ਯਕੀਨੀ ਬਣਾਈ ਜਾਵੇ।


ਇਸੇ ਤਰ੍ਹਾਂ ਕਰਨਾਟਕ ਤੋਂ ਕਾਂਗਰਸ ਦੇ ਮੈਂਬਰ ਐਲ ਹਨੂਮੰਥਈਆ ਨੇ ਬੈਂਗਲੁਰੂ ਵਿੱਚ ਕਿਦਵਈ ਕੈਂਸਰ ਇੰਸਟੀਚਿਊਟ ਵਿੱਚ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਕੇਂਦਰ ਸਰਕਾਰ ਦੁਆਰਾ ਫੰਡ ਜਾਰੀ ਕਰਨ ਦੀ ਮੰਗ ਦਾ ਮੁੱਦਾ ਉਠਾਇਆ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿੱਚ ਹਰ ਸਾਲ ਸਾਢੇ ਚਾਰ ਲੱਖ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਇੱਥੇ ਆਉਣ ਵਾਲੇ 20 ਫੀਸਦੀ ਮਰੀਜ਼ ਦੂਜੇ ਰਾਜਾਂ ਤੋਂ ਆਉਂਦੇ ਹਨ।


ਇਹ ਵੀ ਪੜ੍ਹੋ: Punjab New CM Oath Ceremony: ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ