ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿੱਚ ਪੁਰਾਣੀਆਂ ਪਾਰਟੀਆਂ ਵੱਲੋਂ ਕੱਢੇ ਗਏ ਲੀਡਰਾਂ ਵੱਲੋਂ ਨਵੀਆਂ ਸਿਆਸੀ ਪਾਰਟੀਆਂ ਬਣਨ ਦਾ ਦੌਰ ਜਾਰੀ ਹੈ। ਟਕਸਾਲੀਆਂ ਨੇ ਨਵਾਂ ਅਕਾਲੀ ਦਲ ਤੇ ਹਰਿਆਣਾ ਵਿੱਚ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਵੱਲੋਂ ਕੱਢੇ ਗਏ ਪੋਤੇ ਦੁਸ਼ਿਅੰਤ ਚੌਟਾਲਾ ਨੇ ਵੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ।


ਜੀਂਦ ਦੇ ਪਿੰਡ ਪਾਂਡੂ ਪਿੰਡਾਰਾ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਦੁਸ਼ਿਅੰਤ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ। ਦੁਸ਼ਿਅੰਤ ਨੇ ਨਵੀਂ ਪਾਰਟੀ ਦਾ ਨਾਂ ਜਨ ਨਾਇਕ ਜਨਤਾ ਪਾਰਟੀ ਰੱਖਿਆ ਹੈ। ਉਨ੍ਹਾਂ ਪਾਰਟੀ ਦਾ ਝੰਡਾ ਹਰੇ ਤੇ ਪੀਲੇ ਰੰਗ ਵਿੱਚ ਰੰਗਵਾਉਣ ਦਾ ਐਲਾਨ ਵੀ ਕੀਤਾ, ਜਿਸ ਵਿੱਚ ਚੌਧਰੀ ਦੇਵੀ ਲਾਲ ਦੀ ਫ਼ੋਟੋ ਵੀ ਲਾਈ ਹੈ।



ਜ਼ਿਕਰਯੋਗ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਾਬਕਾ ਲੀਡਰ ਦੁਸ਼ਅੰਤ ਚੌਟਾਲਾ ਨੇ ਸਾਲ 2014 ਵਿੱਚ ਵੱਡੇ ਫਰਕ ਨਾਲ ਹਿਸਾਰ ਲੋਕ ਸਭਾ ਸੀਟ ਆਪਣੇ ਨਾਂ ਕੀਤੀ ਸੀ। ਪਰ ਪਿਛਲੇ ਮਹੀਨੇ ਦੁਸ਼ਿਅੰਤ ਤੇ ਉਸ ਦੇ ਭਰਾ ਦਿਗਵਿਜੈ ਚੌਟਾਲਾ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਦੋਵਾਂ ਦੇ ਪਿਤਾ ਤੇ ਓਪੀ ਚੌਟਾਲਾ ਦੇ ਵੱਡੇ ਪੁੱਤਰ ਅਜੈ ਚੌਟਾਲਾ ਨੇ ਜੇਲ੍ਹ ਵਿੱਚੋਂ ਬਾਹਰ ਆ ਕੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਦੁਸ਼ਿਅੰਤ ਨੇ ਪੂਰ ਚੜ੍ਹਾ ਦਿੱਤਾ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਦੁਸ਼ਿਅੰਤ ਇਕੱਲਿਆਂ ਹੀ ਨਵੀਂ ਸਿਆਸੀ ਪਾਰਟੀ ਖੜ੍ਹੀ ਕਰਨ ਤੇ ਆਪਣੀ ਸੰਸਦ ਮੈਂਬਰੀ ਬਰਕਰਾਰ ਰੱਖਣ ਦੇ ਸਮਰੱਥ ਹੈ।