ਨਵੀਂ ਦਿੱਲੀ: ਰਾਮ ਮੰਦਰ ਬਣਵਾਉਣ ਲਈ ਸਿਆਸਤ ਜ਼ੋਰਾਂ ’ਤੇ ਚੱਲ ਰਹੀ ਹੈ। ਵਿਸ਼ਵ ਹਿੰਦੂ ਪਰਿਸ਼ਦ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਵੱਡੀ ਧਰਮ ਸਭਾ ਕਰ ਰਹੇ ਹਨ। ਇਸ ਬੈਠਕ ਵਿੱਚ ਆਰਐਸਐਸ ਦੇ ਭਈਆਜੀ ਜੋਸ਼ੀ ਵੀ ਹਿੱਸਾ ਲੈ ਰਹੇ ਹਨ। ਧਰਮ ਸਭਾ ਵਿੱਚ ਇਕੱਤਰ ਹੋਏ ਸਾਰੇ ਲੋਕਾਂ ਦੀ ਇੱਕੋ ਮੰਗ ਹੈ ਕਿ ਜਲਦ ਤੋਂ ਜਲਦ ਰਾਮ ਮੰਦਰ ਦੇ ਨਿਰਮਾਣ ਦਾ ਕੰਮ ਮੁਕੰਮਲ ਕੀਤਾ ਜਾਏ। ਇਸ ਤੋਂ ਇਲਾਵਾ ਸਰਕਾਰ ਤੋਂ ਜਲਦੀ ਕਾਨੂੰਨ ਬਣਾ ਕੇ ਮੰਦਰ ਦੇ ਨਿਰਮਾਣ ਦਾ ਰਾਹ ਪੱਧਰਾ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਧਰਮ ਸਭਾ ਵਿੱਚ RSS ਦੇ ਲੀਡਰ ਭਈਆ ਜਾ ਜੋਸ਼ੀ ਨੇ ਕਿਹਾ ਕਿ ਉਹ ਭੀਖ ਨਹੀਂ ਮੰਗ ਰਹੇ, ਬਲਕਿ ਆਪਣੀਆਂ ਭਾਵਨਾਵਾਂ ਦੱਸ ਰਹੇ ਹਨ। ਉਹ ਸ਼ਾਂਤੀ ਨਾਲ ਮੰਦਰ ਦਾ ਨਿਰਮਾਣ ਕਰਵਾਉਣਾ ਚਾਹੁੰਦੇ ਹਨ। ਜੇ ਸੰਘਰਸ਼ ਹੀ ਕਰਨਾ ਹੰਦਾ ਤਾਂ ਏਨੀ ਉਡੀਕ ਨਹੀਂ ਕਰਨੀ ਸੀ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਬੈਠੇ ਲੋਕਾਂ ਦਾ ਸੰਕਲਪ ਵੀ ਰਾਮ ਮੰਦਰ ਦਾ ਨਿਰਮਾਣ ਕਰਨਾ ਹੀ ਹੈ ਤੇ ਉਨ੍ਹਾਂ ਨੂੰ ਇਸ ਸੰਕਲਪ ਲਈ ਅੱਗੇ ਵਧਣਾ ਚਾਹੀਦਾ ਹੈ।

ਉਨ੍ਹਾਂ ਤੋਂ ਇਲਾਵਾ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਕਿ ਹਿੰਦੂ ਸਮਾਜ ਅਨੰਤ ਕਾਲ ਤਕ ਉਡੀਕ ਨਹੀਂ ਕਰ ਸਕਦਾ। ਉਨ੍ਹਾਂ ਭਾਰਤ ਸਰਕਾਰ ’ਤੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਸਭਾ ਵਿੱਚ ਕਰੀਬ ਪੰਜ ਲੱਖ ਰਾਮ ਭਗਤ ਪੁੱਜ ਸਕਦੇ ਹਨ। ਇੰਨੇ ਵੱਡੇ ਇਕੱਠ ਨੂੰ ਵੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੇਠ ਕਰੀਬ 15 ਹਜ਼ਾਰ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ।