ਗੁਰੂਗ੍ਰਾਮ: ਦੇਸ਼ ਦੀ ਕੌਮੀ ਰਾਜਧਾਨੀ ਨਾਲ ਲੱਗਦੇ ਇਲਾਕੇ ਗੁਰੂਗ੍ਰਾਮ ਦਾ ਨਿੱਜੀ ਸਕੂਲ ਫੇਰ ਚਰਚਾ ਵਿੱਚ ਆ ਗਿਆ ਹੈ। ਸਕੂਲ ਦੀ ਅਧਿਆਪਕਾ ਨੇ ਕਲਾਸ ਵਿੱਚ ਸ਼ੋਰ ਮਚਾ ਰਹੇ ਚਾਰ ਸਾਲ ਦੇ ਬੱਚਿਆਂ ਨੂੰ ਚੁੱਪ ਕਰਵਾਉਣ ਤੇ ਸਬਕ ਸਿਖਾਉਣ ਲਈ ਮੂੰਹ ‘ਤੇ ਚੇਪੀ ਲਾ ਦਿੱਤੀ। ਸਕੂਲ ਨੇ ਅਜਿਹਾ ਕਰਨ ਵਾਲੀ ਅਧਿਆਪਕਾ ਨੂੰ ਵੀ ਮੁਅੱਤਲ ਕਰ ਦਿੱਤਾ ਹੈ।
ਹਾਲਾਂਕਿ, ਇਹ ਘਟਨਾ ਅਕਤੂਬਰ ਮਹੀਨੇ ਦੀ ਹੈ, ਪਰ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਖ਼ਬਰਾਂ ਵਿੱਚ ਆਇਆ ਹੈ। ਵੀਡੀਓ ਵਿਚ ਮਹਿਲਾ ਅਧਿਆਪਕ ਐਲਕੇਜੀ ਕਲਾਸ ਵਿੱਚ ਚਾਰ ਕੁ ਸਾਲ ਦੇ ਦੋ ਬੱਚਿਆਂ- ਇੱਕ ਲੜਕਾ ਤੇ ਇੱਕ ਲੜਕੀ ਦੇ ਮੂੰਹ ’ਤੇ ਸੈਲੋਟੇਪ ਲਾਉਂਦੀ ਨਜ਼ਰ ਆ ਰਹੀ ਹੈ। ਦੋਵੇਂ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਸਕੂਲ ਪ੍ਰਬੰਧਕਾਂ ਨੇ ਅਧਿਆਪਕਾ ਵਿਰੁੱਧ ਕਾਰਵਾਈ ਵੀ ਕਰ ਦਿੱਤੀ ਹੈ।
ਸਕੂਲ ਦੇ ਪ੍ਰਿੰਸੀਪਲ ਗੁਰੂਰਾਜ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਅਸੀਂ ਸਖ਼ਤ ਕਾਰਵਾਈ ਕਰਦਿਆਂ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਹੈ। ਮਹਿਲਾ ਅਧਿਆਪਕ ਨੇ ਦਾਅਵਾ ਕੀਤਾ ਕਿ ਬੱਚੇ ਕਲਾਸ ਵਿਚ ਰੌਲਾ ਪਾ ਰਹੇ ਸਨ ਅਤੇ ਗੰਦੀ ਭਾਸ਼ਾ ਦੀ ਵਰਤੋਂ ਕਰ ਰਹੇ ਸਨ। ਉੱਧਰ, ਗੁਰੂਗ੍ਰਾਮ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਸਿੱਖਿਆ ਵਿਭਾਗ ਦੇ ਅਫ਼ਸਰਾਂ ਦੀ ਕਮੇਟੀ ਕਾਇਮ ਕਰ ਦਿੱਤੀ ਹੈ, ਜੋ ਇਸ ਘਟਨਾ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਗੁਰੂਗ੍ਰਾਮ ਦੇ ਹੀ ਇੱਕ ਹੋਰ ਪ੍ਰਾਈਵੇਟ ਸਕੂਲ ਵਿੱਚ ਛੋਟੇ ਬੱਚੇ ਦਾ ਚਾਕੂ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਪ੍ਰਬੰਧਕਾਂ ਨੇ ਇਸ ਦਾ ਦੋਸ਼ ਬੱਸ ਡ੍ਰਾਈਵਰ ਸਿਰ ਮੜ੍ਹ ਦਿੱਤਾ ਸੀ। ਜਦਕਿ ਇਹ ਕਾਰਾ ਕਿਸੇ ਹੋਰ ਵਿਦਿਆਰਥੀ ਦਾ ਨਿੱਕਲਿਆ। ਜ਼ਿਕਰਯੋਗ ਹੈ ਕਿ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵੀ ਇੱਕ ਅਧਿਆਪਕ ਨੇ ਅਜਿਹਾ ਹੀ ਕੀਤਾ ਸੀ। ਜੁਓ ਜ਼ਿੰਟੋਂਗੇ ਨਾਂਅ ਦੀ ਬੱਚੀ ਦੇ ਮੂੰਹ 'ਤੇ ਚੇਪੀ ਲਾਉਣ ਕਾਰਨ ਉਸ ਦਾ ਦਮ ਘੁੱਟ ਗਿਆ ਤੇ ਮੌਤ ਹੋ ਗਈ ਸੀ।