ਮੁੰਬਈ: ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਮਹਾਰਾਸ਼ਟਰ ਦੇ ਅੰਬਰਨਾਥ ਵਿੱਚ ਜਨਤਕ ਸਮਾਗਮ ਦੌਰਾਨ ਵਿਅਕਤੀ ਨੇ ਥੱਪੜ ਮਾਰ ਦਿੱਤਾ। ਫਿਰ ਬਾਅਦ ਵਿੱਚ ਮੰਤਰੀ ਦੇ ਸਮਰਥਕਾਂ ਨੇ ਹਮਲਾਵਰ ਨਾਲ ਕਾਫੀ ਕੁੱਟਮਾਰ ਕੀਤੀ। ਮੁਲਜ਼ਮ ਦੀ ਪਛਾਣ ਪ੍ਰਵੀਨ ਗੋਸਾਵੀ ਵਜੋਂ ਹੋਈ ਹੈ, ਜੋ ਗੁਲਦਸਤਾ ਭੇਟ ਕਰਨ ਬਹਾਨੇ ਮੰਤਰੀ ਵੱਲ ਵਧਿਆ ਸੀ।


ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦ ਸ਼ਨੀਵਾਰ ਨੂੰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ ਰਾਮਦਾਸ ਅਠਾਵਲੇ ਮੰਚ ਤੋਂ ਹੇਠਾਂ ਉੱਤਰ ਰਹੇ ਸਨ ਅਤੇ ਪ੍ਰਵੀਨ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਮੁਲਜ਼ਮ ਨੂੰ ਮੁੱਢਲੀ ਜਾਂਚ ਤੋਂ ਬਾਅਦ ਮੁੰਬਈ ਦੇ ਜੇਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਮੰਤਰੀ 'ਤੇ ਹੱਥ ਚੁੱਕਣ ਦਾ ਕਾਰਨ ਹਾਲੇ ਤਕ ਪਤਾ ਨਹੀਂ ਲੱਗਾ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਘਟਨਾ ਤੋਂ ਬਾਅਦ ਮੰਤਰੀ ਦੇ ਸਮਰਥਕਾਂ ਨੇ ਡੀਸੀਪੀ ਦਫ਼ਤਰ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਤੇ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਹੋਣ ਕਾਰਨ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ 'ਤੇ ਕਾਰਵਾਈ ਦੀ ਮੰਗ ਕੀਤੀ। ਘਟਨਾ ਦੇ ਵਿਰੋਧ ਵਿੱਚ ਅੱਜ ਠਾਣੇ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।