ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਦੀਆਂ 26 ਸੀਟਾਂ ਵਿੱਚੋਂ ਤਿੰਨ ਸੀਟਾਂ ‘ਤੇ ਬੀਐਸਪੀ ਤੇ ਇੱਕ ਸੀਟ ‘ਤੇ ਐਸਪੀ ਨੇ ਜਿੱਤ ਦਰਜ ਕਰਵਾਈ ਹੈ। ਦੋ ਸੀਟਾਂ ‘ਤੇ ਆਪਣਾ ਦਲ-ਸੋਨੇਲਾਲ ਤੇ ਬਾਕੀ 20 ਸੀਟਾਂ ‘ਤੇ ਬੀਜੇਪੀ ਨੇ ਜਿੱਤ ਦਰਜ ਕਰਾਈ। ਕਾਂਗਰਸ ਪੂਰਵਾਂਚਲ ਤੋਂ ਤੀਜੇ ਨੰਬਰ ਦੀ ਪਾਰਟੀ ਬਣ ਗਈ ਹੈ। ਕਾਂਗਰਸ ਦੀ ਪੂਰਬੀ ਯੂਪੀ ਪ੍ਰਧਾਨ ਪ੍ਰਿਅੰਕਾ ਗਾਂਧੀ ਦਾ ਜਾਦੂ ਬੇਅਸਰ ਰਿਹਾ ਤੇ ਕਾਂਗਰਸ ਇੱਥੇ ਕੋਈ ਕਮਾਲ ਨਹੀਂ ਦਿਖਾ ਸਕੀ। ਐਸਪੀ-ਬੀਐਸਪੀ ਦੀ ਜੁਗਲਬੰਦੀ ਕਰਕੇ ਕਾਂਗਰਸ ਦਾ ਵੋਟ ਫੀਸਦ ਵੀ ਕਾਫੀ ਘੱਟ ਹੋ ਗਿਆ।
ਪ੍ਰਿਅੰਕਾ ਨੂੰ ਕਾਂਗਰਸ ਦਾ ਹੁਕਮ ਦਾ ਇੱਕਾ ਕਿਹਾ ਜਾ ਰਿਹਾ ਸੀ। ਉਸ ਦੇ ਆਉਂਦੇ ਹੀ ਕਾਂਗਰਸ ‘ਚ ਨਵੀਂ ਜਾਨ ਆਉਂਦੀ ਨਜ਼ਰ ਆਈ ਸੀ ਤੇ ਸਮਰਥੱਕਾਂ ਦਾ ਜੋਸ਼ ਵੀ ਵਧ ਗਿਆ ਸੀ। ਉਨ੍ਹਾਂ ਨੇ ਪੂਰਬੀ ਯੂਪੀ ‘ਚ ਲਗਾਤਾਰ ਰੈਲੀਆਂ, ਜਨਸਭਾ, ਰੋਡ ਸ਼ੋਅ ਕੀਤੇ। ਜਿਸ ਤਰ੍ਹਾਂ ਉਨ੍ਹਾਂ ਨੇ ਬੀਜੇਪੀ ਤੇ ਮੋਦੀ ‘ਤੇ ਨਿਸ਼ਾਨੇ ਸਾਧੇ ਸੀ, ਲੱਗ ਰਿਹਾ ਸੀ ਕਿ ਕਾਂਗਰਸ ਚੰਗਾ ਪ੍ਰਦਰਸ਼ਨ ਕਰੇਗੀ।
ਇਸ ਵਾਰ ਤਾਂ ਉੱਤਰ ਪ੍ਰਦੇਸ਼ ‘ਚ ਕਾਂਗਰਸ ਨੇ ਸਿਰਫ ਰਾਏਬਰੇਲੀ ਸੀਟ ‘ਤੇ ਹੀ ਜਿੱਤ ਹਾਸਲ ਕੀਤੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤਾਂ ਆਪਣਾ ਗੜ੍ਹ ਅਮੇਠੀ ਲੋਕ ਸਭਾ ਸੀਟ ਵੀ ਹਾਰ ਗਏ। ਉਧਰ ਦੂਜੇ ਪਾਸੇ ਬੀਜੇਪੀ ਦੇ ਕਈ ਨੇਤਾਵਾਂ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਾਫੀ ਮਿਹਨਤ ਕੀਤੀ। ਉਨ੍ਹਾਂ ਨੇ ਲਗਾਤਾਰ ਰੈਲੀਆਂ ਕੀਤੀਆਂ ਤੇ ਪਲਾਨਿੰਗ, ਗ੍ਰਾਉਂਡਵਰਕ ‘ਤੇ ਬੀਜੇਪੀ ਵੱਲੋਂ ਦਿੱਤੇ ਧਿਆਨ ਦੇ ਨਤੀਜੇ ਵਜੋਂ ਉਹ ਅੱਜ ਬਹੁਮਤ ਹਾਸਲ ਕਰ ਚੁੱਕੇ ਹਨ।