ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਦਾ ਹੈ। ਚੋਣ ਕਮਿਸ਼ਨ ਨੇ 'ਆਪ' ਦੇ 27 ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ 11 ਨਵੰਬਰ ਤੱਕ ਜਵਾਬ ਤਲਬ ਕੀਤਾ ਹੈ। ਇਹ ਨੋਟਿਸ ਦਿੱਲੀ ਦੇ ਹਸਪਤਾਲਾਂ ਵਿੱਚ ਮਰੀਜ਼ ਭਲਾਈ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਹਨ।


ਚੋਣ ਕਮਿਸ਼ਨ ਨੇ 'ਆਪ' ਦੇ 27 ਵਿਧਾਇਕਾਂ ਤੋਂ ਪੁੱਛਿਆ ਹੈ ਕਿ ਕਿਉਂ ਨਾ ਉਨ੍ਹਾਂ ਦਾ ਅਹੁਦਾ ਲਾਭ ਦੇ ਅਹੁਦੇ ਦੇ ਦਾਇਰੇ ਵਿੱਚ ਮੰਨ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਚੋਣ ਕਮਿਸ਼ਨ ਕੋਲ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਨਿਯਮਾਂ ਦੇ ਹਿਸਾਬ ਨਾਲ ਮਰੀਜ਼ ਭਲਾਈ ਕਮੇਟੀ ਦਾ ਪ੍ਰਧਾਨ ਵਿਧਾਇਕ ਨਹੀਂ ਹੋ ਸਕਦਾ ਜਦੋਂਕਿ 'ਆਪ' ਦੇ 27 ਵਿਧਾਇਕਾਂ ਨੂੰ ਕਮੇਟੀਆਂ ਦਾ ਪ੍ਰਧਾਨ ਬਣਾਇਆ ਗਿਆ ਹੈ।

ਪਹਿਲਾਂ ਸੰਸਦੀ ਸਕੱਤਰ ਮਾਮਲੇ ਵਿੱਚ 21 ਵਿਧਾਇਕ ਤੇ ਹੁਣ ਮਰੀਜ਼ ਭਲਾਈ ਕਮੇਟੀ ਮਾਮਲੇ ਵਿੱਚ 27 ਵਿਧਾਇਕ ਘਿਰ ਗਏ ਹਨ। 27 ਵਿਧਾਇਕਾਂ ਵਿੱਚੋਂ 9 ਸੰਸਦੀ ਸਕੱਤਰ ਮਾਮਲੇ ਵਿੱਚ ਵੀ ਘਿਰੇ ਹੋਏ ਹਨ। ਇਸ ਤਰ੍ਹਾਂ 'ਆਪ' ਦੇ ਕੁੱਲ 39 ਵਿਧਾਇਕਾਂ 'ਤੇ ਚੋਣ ਕਮਿਸ਼ਨ ਦੀ ਤਲਵਾਰ ਲਟਕ ਗਈ ਹੈ।