EC notice to Atishi: ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਚੋਣ ਕਮਿਸ਼ਨ ਨੇ ਭਾਜਪਾ 'ਚ ਸ਼ਾਮਲ ਨਾ ਹੋਣ 'ਤੇ ਧਮਕੀਆਂ ਮਿਲਣ ਦੇ ਦੋਸ਼ਾਂ ਦਾ ਨੋਟਿਸ ਲੈਂਦਿਆਂ ਆਤਿਸ਼ੀ ਨੂੰ ਨੋਟਿਸ ਭੇਜਿਆ ਹੈ। ਆਤਿਸ਼ੀ ਨੂੰ ਸੋਮਵਾਰ ਦੁਪਹਿਰ 12 ਵਜੇ ਤੱਕ ਇਸ ਨੋਟਿਸ ਦਾ ਜਵਾਬ ਦੇਣਾ ਹੋਵੇਗਾ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਨੋਟਿਸ ਦੇ ਹਰ ਪੈਰੇ ਦਾ ਜਵਾਬ ਲਿਖਤੀ ਰੂਪ ਵਿੱਚ ਦਿੱਤਾ ਜਾਵੇ।
ਇਸ ਤੋਂ ਪਹਿਲਾਂ ਭਾਜਪਾ ਨੇ ਵੀ ਆਤਿਸ਼ੀ ਨੂੰ ਨੋਟਿਸ ਭੇਜ ਕੇ ਕਿਹਾ ਸੀ ਕਿ ਇਹ ਖੁਲਾਸਾ ਕੀਤਾ ਜਾਵੇ ਕਿ ਪਾਰਟੀ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕਿਸ ਪਾਸੋਂ ਆਈ ਹੈ। ਭਾਜਪਾ ਨੇ ਕਿਹਾ ਸੀ ਕਿ ਜੇਕਰ ਸੱਚਾਈ ਸਾਹਮਣੇ ਨਾ ਲਿਆਂਦੀ ਗਈ ਤਾਂ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ।
ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਆਤਿਸ਼ੀ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਆਫਰ ਆਇਆ ਸੀ। ਆਤਿਸ਼ੀ ਨੇ ਕਿਹਾ ਕਿ ਉਸ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਅਤੇ ਧਮਕੀ ਦੋਵੇਂ ਮਿਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ 2 ਮਹੀਨਿਆਂ ਵਿੱਚ ‘ਆਪ’ ਦੇ 4 ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਆਤਿਸ਼ੀ ਮੁਤਾਬਕ ਉਸ ਤੋਂ ਬਾਅਦ ਸੌਰਭ ਭਾਰਦਵਾਜ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਫਿਰ ਦੁਰਗੇਸ਼ ਪਾਠਕ ਅਤੇ ਰਾਘਵ ਚੱਢਾ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਸਿੰਘ ਨੇ 2 ਅਪ੍ਰੈਲ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ, 'ਮੇਰੇ ਬਹੁਤ ਕਰੀਬੀ ਵਿਅਕਤੀ ਦੇ ਜ਼ਰੀਏ ਮੈਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਲਈ ਸੰਪਰਕ ਕੀਤਾ ਗਿਆ ਸੀ। ਮੈਨੂੰ ਕਿਹਾ ਗਿਆ ਕਿ ਜਾਂ ਤਾਂ ਭਾਜਪਾ ਵਿਚ ਸ਼ਾਮਲ ਹੋ ਜਾਵਾਂ ਅਤੇ ਆਪਣਾ ਸਿਆਸੀ ਕਰੀਅਰ ਬਚਾ ਲਵਾਂ।
ਜੇਕਰ ਮੈਂ ਭਾਜਪਾ 'ਚ ਸ਼ਾਮਲ ਨਹੀਂ ਹੁੰਦੀ ਤਾਂ ਆਉਣ ਵਾਲੇ ਮਹੀਨੇ 'ਚ ਮੈਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਅਗਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਆਤਿਸ਼ੀ ਨੇ ਕਿਹਾ, 'ਪ੍ਰਧਾਨ ਮੰਤਰੀ ਅਤੇ ਭਾਜਪਾ ਨੇ ਆਪਣਾ ਮਨ ਬਣਾ ਲਿਆ ਹੈ। ਉਹ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਕੁਚਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦੇ ਹਨ।