ਈਡੀ ਦੀ ਟੀਮ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਨੂੰ ਆਪਣੇ ਨਾਲ ਲੈ ਗਈ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਈਡੀ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਈਡੀ ਦੀ ਟੀਮ ਪਹਿਲਾਂ ਹੀ ਚੈਤਨਿਆ ਬਘੇਲ ਤੋਂ ਪੁੱਛਗਿੱਛ ਕਰ ਚੁੱਕੀ ਹੈ। 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਦੇ ਭਿਲਾਈ ਘਰ 'ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਸ਼ਰਾਬ ਘੁਟਾਲੇ ਵਿੱਚ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਪਿਛਲੇ ਕੁਝ ਸਾਲਾਂ ਤੋਂ ਸ਼ਰਾਬ ਘੁਟਾਲੇ ਦੇ ਦੋਸ਼ਾਂ ਕਾਰਨ ਛੱਤੀਸਗੜ੍ਹ ਵਿੱਚ ਰਾਜਨੀਤਿਕ ਮਾਹੌਲ ਗਰਮ ਹੈ। ਇਸ ਸਬੰਧ ਵਿੱਚ, ਈਡੀ ਕਈ ਵਾਰ ਭੁਪੇਸ਼ ਬਘੇਲ ਅਤੇ ਉਸਦੇ ਸਾਥੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਚੁੱਕੀ ਹੈ।

ਈਡੀ ਸੂਤਰਾਂ ਅਨੁਸਾਰ ਇਹ ਕਦਮ ਮਨੀ ਲਾਂਡਰਿੰਗ ਦੇ ਸਬੂਤ ਮਿਲਣ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਮੌਕੇ ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ 'ਤੇ ਚੁਟਕੀ ਲੈਂਦੇ ਹੋਏ ਲਿਖਿਆ ਕਿ ਅੱਜ ਉਨ੍ਹਾਂ ਦੇ ਪੁੱਤਰ ਦਾ ਜਨਮਦਿਨ ਹੈ, ਕੇਂਦਰ ਸਰਕਾਰ ਨੇ ਤੋਹਫ਼ਾ ਭੇਜਿਆ ਹੈ। ਜਿਵੇਂ ਹੀ ਇਹ ਖ਼ਬਰ ਫੈਲੀ ਕਿ ਈਡੀ ਦੀ ਟੀਮ ਭੁਪੇਸ਼ ਬਘੇਲ ਦੇ ਘਰ ਛਾਪਾ ਮਾਰ ਰਹੀ ਹੈ, ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਗਏ। ਵਰਕਰ ਘਰ ਦੇ ਦੋਵੇਂ ਗੇਟਾਂ 'ਤੇ ਜ਼ਮੀਨ 'ਤੇ ਬੈਠ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਈਡੀ ਦੀਆਂ ਗੱਡੀਆਂ 'ਤੇ ਵੀ ਪੱਥਰਬਾਜ਼ੀ ਕੀਤੀ ਗਈ ਹੈ।

ਭਿਲਾਈ ਦੇ ਘਰ ਵਿੱਚ ਭੀੜ ਨੂੰ ਕੰਟਰੋਲ ਕਰਨ ਲਈ ਵਾਧੂ ਪੁਲਿਸ ਫੋਰਸ ਬੁਲਾਈ ਗਈ ਹੈ। ਇਹ ਸਭ ਕੁਝ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਛੱਤੀਸਗੜ੍ਹ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਅਤੇ ਭੁਪੇਸ਼ ਬਘੇਲ ਪਹਿਲਾਂ ਹੀ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਘਰੋਂ ਬਾਹਰ ਨਿਕਲ ਚੁੱਕੇ ਸਨ। ਇਹ ਘੁਟਾਲਾ ਨਾ ਸਿਰਫ਼ ਕਾਨੂੰਨੀ ਮਾਮਲਿਆਂ ਵਿੱਚ ਸਗੋਂ ਰਾਜਨੀਤਿਕ ਤੌਰ 'ਤੇ ਵੀ ਵਿਵਾਦ ਦਾ ਕਾਰਨ ਬਣ ਗਿਆ ਹੈ। ਸਰਕਾਰ 'ਤੇ ਸ਼ਰਾਬ ਦੇ ਠੇਕਿਆਂ ਵਿੱਚ ਕਰੋੜਾਂ ਰੁਪਏ ਦੇ ਗਬਨ ਦਾ ਦੋਸ਼ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਈਡੀ, ਆਮਦਨ ਕਰ ਵਿਭਾਗ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਇਸ ਵਿੱਚ ਸਰਗਰਮ ਹਨ।