ED Raids: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀਆਂ ਉੱਪਰ ਸ਼ਿਕੰਜਾ ਕੱਸਿਆ ਹੈ। ਈਡੀ ਦੀਆਂ ਟੀਮਾਂ ਵੱਲੋਂ ਬਿਸ਼ਨੋਈ ਦੇ ਕਰੀਬੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਨੇ ਹਰਿਆਣਾ ਤੇ ਰਾਜਸਥਾਨ 'ਚ ਬਿਸ਼ਨੋਈ ਦੇ ਕਰੀਬੀ ਲੋਕਾਂ ਦੇ ਦਰਜਨ ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ (ED Raids) ਕੀਤੀ ਹੈ। 


ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਈਡੀ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਬੈਠੇ ਗੈਂਗਸਟਰਾਂ ਖ਼ਿਲਾਫ਼ ਸਰਗਰਮ ਹੋਈ ਹੈ। ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ 'ਚੋਂ ਕੁਝ ਗੈਂਗਸਟਰਾਂ ਦੇ ਖਾਲਿਸਤਾਨੀਆਂ ਨਾਲ ਸਬੰਧ ਵੀ ਪਾਏ ਗਏ ਹਨ।


ਫਿਲਹਾਲ ਈਡੀ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਸੁਰਿੰਦਰ ਚਿਕੂ ਤੇ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਇਹ ਛਾਪੇ ਰਾਜਸਥਾਨ ਤੇ ਹਰਿਆਣਾ ਦੇ 13 ਟਿਕਾਣਿਆਂ 'ਤੇ ਚੱਲ ਰਹੇ ਹਨ। ਹਰਿਆਣਾ ਪੁਲਿਸ ਨੇ ਸੁਰਿੰਦਰ ਚੀਕੂ ਤੇ ਉਸ ਦੇ ਸਾਥੀਆਂ ਖਿਲਾਫ ਅਗਵਾ, ਕਤਲ, ਜਬਰੀ ਵਸੂਲੀ, ਅਸਲਾ ਐਕਟ ਦੇ ਕੇਸ ਦਰਜ ਕੀਤੇ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਇਲਾਵਾ ਐਨਆਈਏ ਵੀ ਉਸ ਖ਼ਿਲਾਫ਼ ਜਾਂਚ ਕਰ ਰਹੀ ਹੈ। ਸੁਰਿੰਦਰ ਚੀਕੂ ਦੇ ਲਾਰੈਂਸ ਬਿਸ਼ਨੋਈ ਦੇ ਨਾਲ-ਨਾਲ ਖਾਲਿਸਤਾਨੀ ਜਥੇਬੰਦੀਆਂ ਨਾਲ ਵੀ ਸਬੰਧ ਦੱਸ ਜਾ ਰਹੇ ਹਨ।


ਈਡੀ ਨੇ ਪੀਐਮਐਲਏ ਤਹਿਤ ਕੇਸ ਦਰਜ ਕੀਤਾ
ਸੂਤਰਾਂ ਮੁਤਾਬਕ ਸੁਰਿੰਦਰ ਚੀਕੂ ਦਾ ਕੰਮ ਅਪਰਾਧ ਰਾਹੀਂ ਕਮਾਏ ਪੈਸੇ ਨੂੰ ਸੰਭਾਲਣਾ ਹੈ। ਉਹ ਇਸ ਪੈਸੇ ਨੂੰ ਮਾਈਨਿੰਗ, ਸ਼ਰਾਬ ਦੇ ਕਾਰੋਬਾਰ ਤੇ ਟੋਲ ਵਿੱਚ ਵੀ ਨਿਵੇਸ਼ ਕਰਦਾ ਹੈ। ਬਿਸ਼ਨੋਈ ਗੈਂਗ 'ਤੇ ਖਾਲਿਸਤਾਨੀ ਸੰਗਠਨਾਂ ਨਾਲ ਮਿਲੀਭੁਗਤ ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਇਸੇ ਲਈ ਐਨਆਈਏ ਵੀ ਉਸ ਖ਼ਿਲਾਫ਼ ਜਾਂਚ ਵਿੱਚ ਰੁੱਝੀ ਹੋਈ ਹੈ। ਹੁਣ ਈਡੀ ਨੇ ਸੁਰਿੰਦਰ ਚੀਕੂ ਤੇ ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਪੀਐਮਐਲਏ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਹੀ ਕਾਰਵਾਈ ਕੀਤੀ ਜਾ ਰਹੀ ਹੈ।


ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਆਪਣੇ ਗੁੰਡਿਆਂ ਰਾਹੀਂ ਅੰਦਰੋਂ ਅੰਦਰੀ ਅਪਰਾਧ ਦਾ ਧੰਦਾ ਚਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਈਡੀ ਤੇ ਐਨਆਈਏ ਦੋਵੇਂ ਉਸ 'ਤੇ ਛਾਪੇਮਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।