Sonia Gandhi Summoned By ED: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 21 ਜੁਲਾਈ ਨੂੰ ਨੈਸ਼ਨਲ ਹੈਰਾਲਡ ਕੇਸ ਵਿੱਚ ਪੇਸ਼ ਹੋਣ ਲਈ ਤਾਜ਼ਾ ਸੰਮਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਸੋਨੀਆ ਗਾਂਧੀ ਨੇ ਹਾਲ ਹੀ ਵਿੱਚ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਈਡੀ ਹੈੱਡਕੁਆਰਟਰ ਵਿੱਚ ਪੇਸ਼ ਹੋਣ ਤੋਂ ਛੋਟ ਮੰਗੀ ਸੀ।



 ਨੈਸ਼ਨਲ ਹੈਰਾਲਡ ਮਾਮਲੇ 'ਚ ਸੋਨੀਆ ਗਾਂਧੀ ਦੇ ਬੇਟੇ ਅਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਤੋਂ ਕਰੀਬ 50 ਘੰਟੇ ਪੁੱਛਗਿੱਛ ਕੀਤੀ ਗਈ। ਇਲਜ਼ਾਮ ਹੈ ਕਿ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਐਸੋਸੀਏਟ ਜਰਨਲ ਲਿਮਟਿਡ (AJL) ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਯੰਗ ਇੰਡੀਅਨ ਨਾਮ ਦੀ ਇੱਕ ਕੰਪਨੀ ਬਣਾਈ ਅਤੇ ਇਸ ਕੰਪਨੀ ਵਿੱਚ ਸ਼ੈੱਲ ਕੰਪਨੀਆਂ ਰਾਹੀਂ ਕਰਜ਼ਾ ਲਿਆ ਗਿਆ।


ਦੋਸ਼ ਹੈ ਕਿ ਕਾਂਗਰਸ ਨੇ ਐਸੋਸੀਏਟ ਜਨਰਲ ਲਿਮਟਿਡ ਨੂੰ 90 ਕਰੋੜ ਰੁਪਏ ਦਾ ਕਥਿਤ ਕਰਜ਼ਾ ਦਿੱਤਾ ਸੀ। ਇਹ ਕਰਜ਼ਾ ਕਾਂਗਰਸ ਨੇ ਯੰਗ ਇੰਡੀਅਨ ਨੂੰ ਦਿੱਤਾ ਸੀ ਅਤੇ ਇਸ ਦੇ ਆਧਾਰ 'ਤੇ ਐਸੋਸੀਏਟ ਜਰਨਲ ਲਿਮਟਿਡ ਦੇ ਜ਼ਿਆਦਾਤਰ ਸ਼ੇਅਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਗਏ ਸਨ। ਦੋਸ਼ ਹੈ ਕਿ 90 ਕਰੋੜ ਰੁਪਏ ਦੇ ਕਰਜ਼ੇ ਦੇ ਬਦਲੇ ਯੰਗ ਇੰਡੀਅਨ ਨੇ ਕਾਂਗਰਸ ਨੂੰ ਸਿਰਫ਼ 50 ਲੱਖ ਰੁਪਏ ਦਿੱਤੇ ਸਨ। ਫਿਲਹਾਲ ਇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਚੱਲ ਰਹੀ ਹੈ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਈਡੀ ਨੇ ਸੋਨੀਆ ਨੂੰ 8 ਜੂਨ ਨੂੰ ਦਫ਼ਤਰ ਆਉਣ ਲਈ ਕਿਹਾ ਸੀ ਪਰ ਸੋਨੀਆ ਗਾਂਧੀ ਨੇ ਬਿਮਾਰ ਹੋਣ ਕਾਰਨ ਕੁਝ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 23 ਜੂਨ ਨੂੰ ਨਵੇਂ ਸੰਮਨ 'ਚ ਬੁਲਾਇਆ ਗਿਆ। ਦੱਸ ਦਈਏ ਕਿ ਰਾਹੁਲ ਗਾਂਧੀ ਤੋਂ ਪੁੱਛਗਿੱਛ ਦੌਰਾਨ ਕਾਂਗਰਸ ਵਰਕਰਾਂ ਨੇ ਦਿੱਲੀ 'ਚ ਕਾਫੀ ਹੰਗਾਮਾ ਵੀ ਕੀਤਾ।