ਨਵੀਂ ਦਿੱਲੀ: ਲੋਕ ਸਭਾ ਚੋਣਾਂ ਦਾ ਐਲਾਨ ਜਲਦ ਹੋ ਸਕਦੀ ਹੈ। ਚੋਣ ਕਮਿਸ਼ਨ ਨੇ ਤਰੀਕਾਂ ਦੇ ਐਲਾਨ ਲਈ ਤਿਆਰੀ ਖਿੱਚ ਲਈ ਹੈ। ਚੋਣ ਕਮਿਸ਼ਨ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਸੂਤਰਾਂ ਮੁਤਾਬਕ ਕਮਿਸ਼ਨ ਵੱਲੋਂ ਮਾਰਚ ਦੇ ਪਹਿਲੇ ਹਫ਼ਤੇ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਚੋਣ ਕਮਿਸ਼ਨ ਹੁਣ ਸਰਕਾਰੀ ਇਸ਼ਾਰੇ ਦੀ ਉਡੀਕ ਕਰ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੀ ਨਿਗ੍ਹਾ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 6 ਮਾਰਚ ਨੂੰ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਹੋਣ ਵਾਲੀ ਮੀਟਿੰਗ ’ਤੇ ਹੈ। ਮੋਦੀ ਵੱਲੋਂ ਇਸੇ ਦਿਨ ਆਪਣੀ ਆਖਰੀ ਕੈਬਨਿਟ ਮੀਟਿੰਗ ਵੀ ਕੀਤੀ ਜਾਣੀ ਹੈ। ਛੇ ਮਾਰਚ ਨੂੰ ਹੀ ਸਰਕਾਰ ਦੀ ‘ਪ੍ਰਗਤੀ’ ਮੀਟਿੰਗ ਵੀ ਵਿਉਂਤੀ ਗਈ ਹੈ। ਇਸ ਵਿੱਚ ਸਰਕਾਰ ਦੀਆਂ ਵੱਡੀਆਂ ਸਰਕਾਰੀ ਸਕੀਮਾਂ ਦੀ ਉੱਨਤੀ ’ਤੇ ਨਜ਼ਰਸਾਨੀ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਰਾਜਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਸਮੇਤ ਹੋਰ ਸਾਰੀਆਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਚੋਣ ਅਮਲ ਨਾਲ ਜੁੜੇ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਨਿਯੁਕਤੀਆਂ ਸਬੰਧੀ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੇ ਮੁੱਖ ਚੋਣ ਅਧਿਕਾਰੀਆਂ ਨੂੰ ਪਹਿਲਾਂ ਹੀ ਲਿਖਤੀ ਹੁਕਮ ਦਿੱਤੇ ਜਾ ਚੁੱਕੇ ਹਨ।

ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ (ਰਾਜਾਂ ਤੇ ਯੂਟੀਜ਼) ਨੂੰ 28 ਫਰਵਰੀ ਤੋਂ ਪਹਿਲਾਂ ਇਹ ਅਮਲ ਪੂਰਾ ਕਰਨ ਲਈ ਆਖ ਦਿੱਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਚੋਣ ਪੈਨਲ, ਲੋਕ ਸਭਾ ਚੋਣਾਂ ਸੱਤ ਤੋਂ ਅੱਠ ਪੜਾਵਾਂ ’ਚ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਆਂਧਰਾ ਪ੍ਰਦੇਸ਼, ਉੜੀਸਾ ਤੇ ਸਿੱਕਿਮ ਵਿੱਚ ਆਮ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਹੋਣਗੀਆਂ। ਮੌਜੂਦਾ 16ਵੀਂ ਲੋਕ ਸਭਾ ਦੀ ਮਿਆਦ 3 ਜੂਨ ਨੂੰ ਖ਼ਤਮ ਹੋਵੇਗੀ।