ਸਜ਼ਾ ਮਗਰੋਂ ਸੱਜਣ ਕੁਮਾਰ ਨੇ 31 ਦਸੰਬਰ, 2018 ਨੂੰ ਅਦਾਲਤ ਵਿੱਚ ਸਮਰਪਣ ਕਰ ਦਿੱਤਾ ਸੀ। ਸੱਜਣ ਕੁਮਾਰ ਨੂੰ ਪਹਿਲੀ-ਦੂਜੀ ਨਵੰਬਰ 1984 ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਤੇ ਗੁਰਦੁਆਰੇ ਵਿੱਚ ਅੱਗਜ਼ਨੀ ਕਰਨ ਦੇ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ। ਸੱਜਣ ਦੇ ਨਾਲ ਉਸ ਦੇ ਪੰਜ ਸਾਥੀਆਂ ਨੂੰ ਵੀ ਸਜ਼ਾ ਹੋਈ ਸੀ। ਸੱਜਣ ਨੂੰ ਆਪਣੀ ਤਾ-ਉਮਰ ਕੈਦ ਪ੍ਰਵਾਨ ਨਹੀਂ, ਇਸ ਲਈ ਉਸ ਨੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਜਸਟਿਸ ਖੰਨਾ ਵੱਲੋਂ ਖ਼ੁਦ ਨੂੰ ਮਾਮਲੇ ਨਾਲੋਂ ਵੱਖ ਕਰਨ ਮਗਰੋਂ ਇਹ ਕੇਸ ਹੁਣ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਵੱਲੋਂ ਸੁਣਿਆ ਜਾਵੇਗਾ। ਸੱਜਣ ਕੁਮਾਰ ਦੀ ਅਰਜ਼ੀ 'ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਜਸਟਿਸ ਖੰਨਾ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ। ਹਾਲਾਂਕਿ, ਉਨ੍ਹਾਂ ਇਸ ਕਦਮ ਬਾਰੇ ਕੀ ਕਾਰਨ ਦੱਸਿਆ, ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ।