ਨਵੀਂ ਦਿੱਲੀ: ਪੱਛਮੀ ਬੰਗਾਲ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦੀਆਂ ਖ਼ਬਰਾਂ ਬਾਰੇ ਕੇਂਦਰੀ ਚੋਣ ਕਮਿਸ਼ਨ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਹੋਣ ਤੋਂ ਪਹਿਲਾਂ ਸਬੰਧਤ ਰਾਜ ਵਿੱਚ ਕੇਂਦਰੀ ਪੁਲਿਸ ਬਲ ਭੇਜਣਾ ਕੋਈ ਨਵੀਂ ਗੱਲ ਨਹੀਂ। ਕੇਂਦਰੀ ਸੁਰੱਖਿਆ ਬਲ ਪਹਿਲਾਂ ਵੀ ਭੇਜੇ ਜਾਂਦੇ ਰਹੇ ਹਨ।


ਕੇਂਦਰੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰੀ ਪੁਲਿਸ ਬਲ ਭੇਜਣ ਦਾ ਮੰਤਵ ਸਿਰਫ਼ ਇਹੋ ਹੁੰਦਾ ਹੈ ਕਿ ਚੋਣ ਵਾਲੇ ਰਾਜ ਵਿੱਚ ਪਹਿਲਾਂ ਤੋਂ ਪੁੱਜ ਕੇ ਨਾਜ਼ੁਕ ਖੇਤਰਾਂ ’ਚ ਚੋਣ ਸ਼ਾਂਤੀਪੂਰਨ ਤਰੀਕੇ ਨਾਲ ਕਰਵਾਵੁਣ ਲਈ ਢੁਕਵਾਂ ਮਾਹੌਲ ਤਿਆਰ ਕੀਤਾ ਜਾ ਸਕੇ।


ਕੇਂਦਰੀ ਚੋਣ ਕਮਿਸ਼ਨ ਨੇ ਇਸ ਬਾਰੇ ਚੋਣਾਂ ਵਾਲੇ ਚਾਰ ਰਾਜਾਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁੱਖ ਸਕੱਤਰਾਂ, ਡੀਜੀਪੀਜ਼ ਤੇ ਰਾਜ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਬੀਤੀ 16 ਫ਼ਰਵਰੀ ਨੂੰ ਹੀ ਹੁਕਮ ਜਾਰੀ ਕਰ ਦਿੱਤਾ ਸੀ।


ਇੱਥੇ ਦੱਸ ਦੇਈਏ ਕਿ ਛੇਤੀ ਹੀ ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲ ਤੇ ਪੁੱਡੂਚੇਰੀ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ। ਇਨ੍ਹਾਂ ਸੂਬਿਆਂ ’ਚ ਛੇਤੀ ਹੀ ਚੋਣ ਤਰੀਕਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।