ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਜਿੱਤਣ ਲਈ ਪੂਰਾ ਤਾਣ ਲਾ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹੁਣ ਕਿਸਾਨ ਅੰਦੋਲਨ ਕਾਰਨ ਆਪਣੀ ਰਣਨੀਤੀ ਵਿੱਚ ਫੇਰ-ਬਦਲ ਕਰਨੇ ਪਏ ਹਨ। ਇਸ ਤੋਂ ਸਪਸ਼ਟ ਹੈ ਕਿ ਕਿਸਾਨ ਅੰਦੋਲਨ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ।

 

ਦਰਅਸਲ ਆਮ ਤੌਰ ਉੱਤੇ ਭਾਜਪਾ ਦੀ ਇਹੋ ਰਣਨੀਤੀ ਰਹੀ ਹੈ ਕਿ ਚੋਣਾਂ ਵਾਲੇ ਰਾਜਾਂ ਵਿੱਚ ਵੱਡੇ-ਵੱਡੇ ਆਗੂਆਂ ਨੂੰ ਲਿਆ ਕੇ ਉਨ੍ਹਾਂ ਤੋਂ ਚੋਣ ਪ੍ਰਚਾਰ ਕਰਵਾਇਆ ਜਾਂਦਾ ਹੈ ਪਰ ਇਸ ਵਾਰ ਜਿਹੜੇ ਰਾਜਾਂ ਦੇ ਕਿਸਾਨ ਵੱਧ ਗਿਣਤੀ ਵਿੱਚ ਸਰਕਾਰ ਵਿਰੋਧੀ ਅੰਦੋਲਨ ’ਚ ਸ਼ਾਮਲ ਹਨ, ਉੱਥੋਂ ਦੇ ਆਗੂਆਂ ਨੂੰ ਪੱਛਮੀ ਬੰਗਾਲ ਦੇ ਚੋਣ ਪ੍ਰਚਾਰ ਦਾ ਹਿੱਸਾ ਨਹੀਂ ਬਣਾਇਆ ਜਾਵੇਗਾ।

 

ਭਾਜਪਾ ਹਾਈ ਕਮਾਂਡ ਨੂੰ ਲੱਗਦਾ ਹੈ ਕਿ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਸਿਆਸੀ ਹਾਲਾਤ ਕਿਸਾਨ ਅੰਦੋਲਨ ਕਾਰਨ ਕੁਝ ਅਜਿਹੇ ਹੋ ਗਏ ਹਨ ਕਿ ਉੱਥੋਂ ਦੇ ਆਗੂਆਂ ਨੂੰ ਬੰਗਾਲ ਭੇਜਣਾ ਪਾਰਟੀ ਲਈ ਭਾਰੀ ਪੈ ਸਕਦਾ ਹੈ। ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਅੰਦੋਲਨ ਸਿਖਰਾਂ ਉੱਪਰ ਹੈ।

 

ਦਰਅਸਲ, ਅੰਦਰਲੀ ਗੱਲ ਇਹ ਵੀ ਹੈ ਕਿ ਭਾਜਪਾ ਦਾ ਹੁਣ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨਹੀਂ ਰਿਹਾ। ਇਸੇ ਲਈ ਭਾਜਪਾ ਨੂੰ ਹੁਣ ਇਹ ਖ਼ਤਰਾ ਲੱਗਦਾ ਰਹਿੰਦਾ ਹੈ ਕਿ ਕਿਤੇ ਉਸ ਦੇ ਗਿਣੇ-ਚੁਣੇ ਆਗੂਆਂ ਨੂੰ ਕਿਤੇ ਕਾਂਗਰਸ ਤੇ ਅਕਾਲੀ ਦਲ ਆਪਣੇ ਵੱਲ ਨਾ ਕਰ ਲੈਣ, ਇੰਝ ਪਾਰਟੀ ਨੂੰ ਵੱਡਾ ਨੁਕਸਾਨ ਹੋ ਜਾਵੇਗਾ। ਇਸੇ ਬੀਜੇਪੀ ਹੁਣ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ।

 

ਹਾਲਾਤ ਹਰਿਆਣਾ ’ਚ ਵੀ ਲਗਪਗ ਪੰਜਾਬ ਵਰਗੇ ਹੀ ਹਨ। ਹਰਿਆਣਾ ਦਾ ਜਾਟ ਵਰਗ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਨਾਲ ਹੈ। ਮਾਮਲਾ ਇੰਝ ਕੁਝ ਨਾਜ਼ੁਕ ਬਣਿਆ ਹੋਇਆ ਹੈ। ਅਗਲੇ ਸਾਲ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ। ਇਸੇ ਲਈ ਥੋੜ੍ਹੀ ਜਿਹੀ ਗ਼ਲਤੀ ਵੀ ਭਾਜਪਾ ਦੇ ਮਿਸ਼ਨ 2022 ਉੱਤੇ ਭਾਰੂ ਪੈ ਸਕਦੀ ਹੈ।