Lok sabha Election 2024: ਲੋਕ ਸਭਾ ਚੋਣਾਂ ਦੇ ਨਤੀਜੇ ਸਪੱਸ਼ਟ ਹੋ ਗਏ ਹਨ। ਹੁਣ ਸਵਾਲ ਸਰਕਾਰ ਬਣਾਉਣ ਨੂੰ ਲੈ ਕੇ ਹੈ। ਭਾਜਪਾ ਆਪਣੇ ਦਮ 'ਤੇ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਉਸ ਦੀ ਅਗਵਾਈ ਵਾਲੇ ਐਨਡੀਏ ਨੇ 292 ਸੀਟਾਂ ਜਿੱਤੀਆਂ ਹਨ। ਭਾਵ ਬਹੁਮਤ ਤੋਂ 20 ਵੱਧ ਸੀਟਾਂ ਉਪਰ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ 234 ਸੀਟਾਂ ਵਾਲਾ ਇੰਡੀਆ ਗਠਜੋੜ ਵੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ। 


ਦੱਸ ਦਈਏ ਕਿ ਲੋਕ ਸਭਾ ਦੀਆਂ 543 ਸੀਟਾਂ ਹਨ। ਸਰਕਾਰ ਬਣਾਉਣ ਲਈ ਘੱਟੋ-ਘੱਟ 272 ਸੀਟਾਂ ਦੀ ਲੋੜ ਹੈ। ਬੀਜੇਪੀ ਨੇ 240 ਸੀਟਾਂ ਜਿੱਤੀਆਂ ਹਨ। ਇਸ ਹਿਸਾਬ ਨਾਲ ਇਕੱਲੀ ਬੀਜੇਪੀ ਕੋਲ ਬਹੁਮਤ ਨਹੀਂ ਪਰ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੂੰ 292 ਸੀਟਾਂ ਮਿਲੀਆਂ ਹਨ। 


ਇਸ ਲਈ ਬੀਜੇਪੀ ਸਰਕਾਰ ਦੀ ਚਾਬੀ ਤੇਲਗੂ ਦੇਸਮ ਪਾਰਟੀ (ਟੀਡੀਪੀ) 16 ਸੀਟਾਂ ਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) 12 ਸੀਟਾਂ ਹੱਥ ਰਹੇਗੀ। ਦੂਜੇ ਪਾਸੇ ਇੰਡੀਆ ਗੱਠਜੋੜ ਦੀ ਨਜ਼ਰ ਵੀ ਟੀਡੀਪੀ ਤੇ ਜੇਡੀਯੂ ਉਪਰ ਹੈ। ਅੰਕੜਿਆਂ ਦੇ ਗਣਿਤ ਨੂੰ ਵੇਖੀਏ ਤਾਂ ਇੰਡੀਆ ਗੱਠਜੋੜ ਲਈ ਟੀਡੀਪੀ ਤੇ ਜੇਡੀਯੂ ਨੂੰ ਤੋੜ ਕੇ ਵੀ ਸਰਕਾਰ ਬਣਾਉਣਾ ਔਖਾ ਹੈ। 


ਦਰਅਸਲ ਟੀਡੀਪੀ ਤੇ ਜੇਡੀਯੂ ਕੋਲ 28 ਸੀਟਾਂ ਹਨ। ਜੇਕਰ ਇਹ ਦੋਵੇਂ ਇੰਡੀਆ ਅਲਾਇੰਸ 'ਚ ਸ਼ਾਮਲ ਹੋ ਜਾਂਦੇ ਹਨ ਤਾਂ ਅੰਕੜਾ 262 ਤੱਕ ਪਹੁੰਚ ਜਾਵੇਗਾ। ਇਸ ਤੋਂ ਬਾਅਦ ਵੀ ਇੰਡੀਆ ਗਠਜੋੜ ਬਹੁਮਤ ਤੋਂ 10 ਸੀਟਾਂ ਤੋਂ ਪਿੱਛੇ ਰਹੇਗਾ। ਉਂਝ ਅਜਿਹਾ ਕਰਕੇ ਇੰਡੀਆ ਗੱਠਜੋੜ ਬੀਜੇਪੀ ਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ ਕਿਉਂਕਿ ਐਨਡੀਏ ਦੀਆਂ ਕੁੱਲ 292 ਸੀਟਾਂ ਵਿੱਚੋਂ ਟੀਡੀਪੀ ਤੇ ਜੇਡੀਯੂ ਦੀਆਂ 28 ਸੀਟਾਂ ਘਟਾ ਦੇਈਏ ਤਾਂ ਅੰਕੜਾ 264 ਤੱਕ ਪਹੁੰਚ ਜਾਵੇਗਾ। ਭਾਵ ਬਹੁਮਤ ਤੋਂ 8 ਸੀਟਾਂ ਘੱਟ ਜਾਣਗੀਆਂ। ਅਜਿਹੀ ਸਥਿਤੀ ਵਿੱਚ ਐਨਡੀਏ ਸਰਕਾਰ ਬਹੁਮਤ ਤੋਂ ਪਿੱਛੇ ਰਹਿ ਜਾਵੇਗੀ।


 


ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਚੋਣਾਂ ਦੀ ਨੰਬਰ ਗੇਮ ਤੋਂ ਸਾਫ਼ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਸੰਵਿਧਾਨਕ ਤੌਰ 'ਤੇ ਵੀ ਬੀਜੇਪੀ ਦਾ ਹੱਕ ਸਭ ਤੋਂ ਉਪਰ ਹੈ। ਦਰਅਸਲ, ਪਰੰਪਰਾ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਸਭ ਤੋਂ ਵੱਡੇ ਗਠਜੋੜ ਜਾਂ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੰਦੇ ਹਨ। ਇਸ ਚੋਣ ਵਿੱਚ ਐਨਡੀਏ 292 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ ਤੇ ਭਾਜਪਾ 240 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ।


ਬੇਸ਼ੱਕ ਕੁਝ ਐਨਡੀਏ ਸਹਿਯੋਗੀ ਛੱਡ ਵੀ ਦਿੰਦੇ ਹਨ ਤੇ ਇੰਡੀਆ ਗਠਜੋੜ ਬਹੁਮਤ ਦਾ ਦਾਅਵਾ ਕਰਦਾ ਹੈ ਤਾਂ ਵੀ ਰਾਸ਼ਟਰਪਤੀ ਵੱਡੀ ਪਾਰਟੀ ਹੋਣ ਦੇ ਨਾਤੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਲਈ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰ ਸਕਦੇ ਹਨ। ਸਿਆਸੀ ਮਾਹਿਰਾਂ ਮੁਤਾਬਕ ਇੱਕ ਵਾਰ ਸਰਕਾਰ ਬਣਨ 'ਤੇ ਮੋਦੀ ਨੂੰ ਬਹੁਮਤ ਸਾਬਤ ਕਰਨ 'ਚ ਜ਼ਿਆਦਾ ਦਿੱਕਤ ਨਹੀਂ ਆਵੇਗੀ।