ਨਵੀਂ ਦਿੱਲੀ: ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਹੈਕ ਹੋਣ ਦੇ ਖੁਲਾਸਿਆਂ ਮਗਰੋਂ ਭਾਰਤ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਵਿਰੋਧੀ ਧਿਰਾਂ ਨੇ ਸੱਤਾਧਿਰ ਬੀਜੇਪੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਉਹ ਤਾਂ ਪਹਿਲਾਂ ਹੀ ਇਸ ਬਾਰੇ ਖੁਲਾਸਾ ਕਰ ਚੁੱਕੇ ਹਨ ਤੇ ਹੁਣ ਸਾਈਬਰ ਮਾਹਿਰ ਵੱਲੋਂ ਉਨ੍ਹਾਂ ਉੱਪਰ ਮੋਹਰ ਲਾ ਦਿੱਤੀ ਹੈ। ਕਾਂਗਰਸ ਨੇ ਵੀ ਬੀਜੇਪੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਵੋਟਿੰਗ ਮਸ਼ੀਨਾਂ ਦੀ ਹੈਕਿੰਗ ਤੇ ਤਤਕਲੀਨ ਕੇਂਦਰੀ ਮੰਤਰੀ ਗੋਪੀਨਾਥ ਮੁੰਡਾ ਦੀ ਹੱਤਿਆ ਦੀ ਜਾਂਚ ਹੋਣੀ ਚਾਹੀਦੀ ਹੈ।
ਯਾਦ ਰਹੇ ਲੰਡਨ ਵਿੱਚ ਸਾਈਬਰ ਮਾਹਿਰ ਸੱਈਅਦ ਸੁਜਾ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਵੋਟਿੰਗ ਮਸ਼ੀਨਾਂ ਹੈਕ ਕੀਤੀਆਂ ਗਈਆਂ ਸੀ। ਇਸ ਬਾਰੇ ਤਤਕਲੀਨ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਨੂੰ ਵੀ ਸਾਰਾ ਪਤਾ ਸੀ। ਇਸੇ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਮਮਤਾ ਬੈਨਰਜੀ ਫਿਕਰਮੰਦ
ਇਸ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਈਵੀਐਮਜ਼ ਨੂੰ ਹੈਕ ਕਰਨ ਦਾ ਮਾਮਲਾ ਚੋਣ ਕਮਿਸ਼ਨ ਦੇ ਧਿਆਨ ’ਚ ਲਿਆਂਦਾ ਜਾਵੇਗਾ। ਉਨ੍ਹਾਂ ਟਵੀਟ ’ਚ ਕਿਹਾ ਕਿ ਹਰ ਵੋਟ ਕੀਮਤੀ ਹੈ ਤੇ ਇਸ ਮੁੱਦੇ ਨੂੰ ਉਠਾਇਆ ਜਾਣਾ ਚਾਹੀਦਾ ਹੈ।
ਚੋਣ ਕਮਿਸ਼ਨ ਕਰੇਗਾ ਕਾਰਵਾਈ
ਉਧਰ, ਚੋਣ ਕਮਿਸ਼ਨ ਨੇ ਕਿਹਾ ਕਿ ਈਵੀਐਮਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਹ ਆਪਣੇ ਉਸ ਬਿਆਨ ’ਤੇ ਪੂਰੀ ਤਰ੍ਹਾਂ ਖੜ੍ਹੀ ਹੈ ਕਿ ਈਵੀਐਮਜ਼ ਪੂਰੀ ਤਰ੍ਹਾਂ ਸੌ ਫੀਸਦ ਫੁੱਲ ਪਰੂਫ ਹਨ। ਕਮਿਸ਼ਨ ਨੇ ਕਿਹਾ ਕਿ ਉਹ ਈਵੀਐਮਜ਼ ’ਚ ਸੇਂਧ ਦਾ ਦਾਅਵਾ ਕਰਨ ਵਾਲੇ ਸਾਈਬਰ ਮਾਹਿਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ।
ਸਾਈਬਰ ਮਾਹਿਰ ਵੱਲੋਂ ਖੁਲਾਸਾ
ਕਾਬਲੇਗੌਰ ਹੈ ਕਿ ਅਮਰੀਕਾ ਵਿੱਚ ਸਿਆਸੀ ਪਨਾਹ ਲੈਣ ਦੇ ਇੱਛੁਕ ਭਾਰਤੀ ਸਾਈਬਰ ਮਾਹਿਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਵੋਟਿੰਗ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕੀਤਾ ਹੈ। ਇਸ ਮਗਰੋਂ ਉਸ ਦੇ ਕਈ ਸਾਥੀਆਂ ਦਾ ਕਤਲ ਹੋ ਗਿਆ ਤੇ ਉਸ ਉੱਪਰ ਵੀ ਹਮਲਾ ਹੋਇਆ। ਇਸ ਲਈ ਉਹ ਭਾਰਤ ਛੱਡ ਕੇ ਵਿਦੇਸ਼ ਭੱਜ ਗਿਆ। ਸਾਈਬਰ ਮਾਹਿਰ ਨੇ ਦਾਅਵਾ ਕੀਤਾ ਹੈ ਕਿ ਅਜੇ ਵੀ ਈਵੀਐਮਜ਼ ਨਾਲ ਛੇੜਛਾੜ ਸੰਭਵ ਹੈ।
ਸਰਕਾਰ ਵੱਲੋਂ ਇਲਜ਼ਾਮ ਰੱਦ
ਦੂਜੇ ਪਾਸੇ ਵਿੱਤ ਮੰਤਰੀ ਅਰੁਣ ਜੇਤਲੀ ਨੇ 2014 ਦੀਆਂ ਆਮ ਚੋਣਾਂ ਵਿੱਚ ਈਵੀਐਮਜ਼ ਨਾਲ ਛੇੜਛਾੜ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਪਾਗਲਪਣ ਇਸ ਕਦਰ ਵਧ ਗਿਆ ਹੈ ਕਿ ਇਹ ਲਾਗ ਦਾ ਰੂਪ ਲੈਣ ਲੱਗਾ ਹੈ। ਜੇਤਲੀ ਨੇ ਟਵੀਟ ਕਰਦਿਆਂ ਕਿਹਾ, ‘ਕੀ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਚੋਣ ਕਮਿਸ਼ਨ ਤੇ ਇਸ ਨਾਲ ਜੁੜੇ ਲੱਖਾਂ ਸਟਾਫ ਮੈਂਬਰ ਈਵੀਐਮਜ਼ ਦੇ ਨਿਰਮਾਣ ਤੇ ਇਸ ਦੀ ਪ੍ਰੋਗਰਾਮਿੰਗ ਵਿੱਚ ਸ਼ਾਮਲ ਸਨ। ਦੋਸ਼ ਸਰਾਸਰ ਬੇਬੁਨਿਆਦ ਹਨ।