ਅਮਰੀਕਾ ਵਿੱਚ ਸਿਆਸੀ ਪਨਾਹ ਲੈਣ ਦੇ ਇੱਛੁਕ ਭਾਰਤੀ ਸਾਈਬਰ ਮਾਹਿਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਵੋਟਿੰਗ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕੀਤਾ ਹੈ। ਇਸ ਮਗਰੋਂ ਉਸ ਦੇ ਕਈ ਸਾਥੀਆਂ ਦਾ ਕਤਲ ਹੋ ਗਿਆ ਤੇ ਉਸ ਉੱਪਰ ਵੀ ਹਮਲਾ ਹੋਇਆ। ਇਸ ਲਈ ਉਹ ਭਾਰਤ ਛੱਡ ਕੇ ਵਿਦੇਸ਼ ਭੱਜ ਗਿਆ। ਸਾਈਬਰ ਮਾਹਿਰ ਨੇ ਦਾਅਵਾ ਕੀਤਾ ਹੈ ਕਿ ਅਜੇ ਵੀ ਈਵੀਐਮਜ਼ ਨਾਲ ਛੇੜਛਾੜ ਸੰਭਵ ਹੈ।
ਸਕਾਈਪ ਰਾਹੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੱਈਅਦ ਸੁਜਾ ਨੇ ਕਿਹਾ ਕਿ ਉਹ 2014 ਵਿੱਚ ਭਾਰਤ ਤੋਂ ਇਸ ਲਈ ਭੱਜ ਆਇਆ ਸੀ ਕਿਉਂਕਿ ਉੱਥੇ ਉਸ ਦੀ ਟੀਮ ਦੇ ਕੁਝ ਮੈਂਬਰਾਂ ਦੀਆਂ ਹੱਤਿਆਵਾਂ ਮਗਰੋਂ ਉਹ ਡਰ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਟੈਲੀਕਾਮ ਜਾਇੰਟ ਰਿਲਾਇੰਸ ਜੀਓ ਨੇ ਈਵੀਐਮਜ਼ ਨੂੰ ਹੈਕ ਕਰਨ ਲਈ ਸਿਗਨਲ ਦੀ ਫ੍ਰੀਕੂਐਂਸੀ ਘਟਾਉਣ ਵਿੱਚ ਬੀਜੇਪੀ ਦੀ ਮਦਦ ਕੀਤੀ ਸੀ।
ਸੁਜਾ ਨੇ ਕਿਹਾ ਕਿ ਜੇਕਰ ਉਸ ਦੀ ਟੀਮ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀਆਂ ਟਰਾਂਸਮਿਸ਼ਨਾਂ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾ ਡੱਕਦੀ ਤਾਂ ਸ਼ਾਇਦ ਭਾਜਪਾ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਜਿੱਤ ਜਾਂਦੀ। ਸੁਜਾ ਨੇ ਦਾਅਵਾ ਕੀਤਾ ਹੈ ਕਿ ਉਹ ਸਰਕਾਰੀ ਮਾਲਕੀ ਵਾਲੇ ਸੈਕਟਰ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਈਸੀਆਈਐਲ) ਦੀ ਟੀਮ ਦਾ ਹਿੱਸਾ ਸੀ, ਜਿਸ ਨੇ ਈਵੀਐਮਜ਼ ਦਾ ਡਿਜ਼ਾਈਨ ਤਿਆਰ ਕਰਨ ਦੇ ਨਾਲ ਇਸ ਨੂੰ ਵਿਕਸਤ ਕੀਤਾ ਸੀ।