ਮੁੰਬਈ: ਬੀਜੇਪੀ ਦੇ ਸੀਨੀਅਰ ਲੀਡਰ ਰਹੇ ਗੋਪੀਨਾਥ ਮੁੰਡੇ ਦੀ ਮੌਤ ਨੂੰ ਕਥਿਤ ਹੈਕਰ ਵੱਲੋਂ ਕਤਲ ਦੱਸੇ ਜਾਣ ਮਗਰੋਂ ਉਨ੍ਹਾਂ ਦੇ ਭਤੀਜੇ ਤੇ ਐਨਸੀਪੀ ਲੀਡਰ ਧਨੰਜੈ ਮੁੰਡੇ ਨੇ ਰਾਅ ਜਾਂ ਸੁਪਰੀਮ ਕੋਰਟ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਵਿੱਚ ਵਿਰੋਧੀ ਧਿਰ ਦੇ ਨੇਤਾ ਮੁੰਡੇ ਨੇ ਅਮਰੀਕਾ ਵਿੱਚ ਰਹਿ ਰਹੇ ਕਥਿਤ ਹੈਕਰ ਦੇ ਦਾਅਵੇ ’ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਗੋਪੀਨਾਥ ਮੁੰਡੇ ਦੇ ਸਮਰਥਕਾਂ ਨੇ ਹਮੇਸ਼ਾ ਉਨ੍ਹਾਂ ਦੀ ਮੌਤ 'ਤੇ ਸਵਾਲ ਖੜ੍ਹੇ ਕੀਤੇ ਹਨ। ਐਨਸੀਪੀ ਲੀਡਰ ਨੇ ਟਵੀਟ ਕਰਕੇ ਕਿਹਾ ਕਿ ਇੱਕ ਸਾਈਬਰ ਮਾਹਰ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ ਕਿ ਗੋਪੀਨਾਥ ਰਾਵ ਮੁੰਡੇ ਸਾਹਿਬ ਦਾ ਕਤਲ ਕੀਤਾ ਗਿਆ ਸੀ। ਇਨ੍ਹਾਂ ਦਾਅਵਿਆਂ ਦੀ ਤੁਰੰਤ ਰਾਅ/ਸੁਪਰੀਮ ਕੋਰਟ ਤੋਂ ਜਾਂਚ ਕਰਾਉਣ ਦੀ ਜ਼ਰੂਰਤ ਹੈ।



ਦੱਸ ਦੇਈਏ ਕਿ ਕਥਿਤ ਹੈਕਰ ਸਈਅਦ ਸ਼ੁਜਾ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਦੇ ਸੀਨੀਅਰ ਲੀਡਰ ਤੇ ਤਤਕਾਲੀ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦਾ ਕਤਲ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ 2014 ਦੀਆਂ ਆਮ ਚੋਣਾਂ ਵਿੱਚ ਈਵੀਐਮ ਨੂੰ ਹੈਕ ਕੀਤੇ ਜਾਣ ਦਾ ਸੱਚ ਜਾਣ ਲਿਆ ਸੀ। ਯਾਦ ਰਹੇ ਕਿ ਮੁੰਡੇ ਦੀ 2014 ਵਿੱਚ ਨਵੀਂ ਦਿੱਲੀ ਵਿੱਚ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ।

ਸ਼ੁਜਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮੁੰਡੇ ਦੀ ਮੌਤ ਦੀ ਜਾਂਚ ਕਰ ਰਹੇ ਐਨਆਈਏ ਅਧਿਕਾਰੀ ਤੰਜੀਲ ਅਹਿਮਦ ਇਸ ਗੱਲ ਦਾ ਪਤਾ ਲਾਉਣ ਬਾਅਦ ਕਤਲ ਦਾ ਮਾਮਲਾ ਦਰਜ ਕਰਨ ਦੀ ਯੋਜਨਾ ਬਣਾ ਰਹੇ ਸੀ ਪਰ ਉਨ੍ਹਾਂ ਦਾ ਹੀ ਕਤਲ ਹੋ ਗਿਆ।