ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਤੋਂ ਬੀਜੇਪੀ ਨੂੰ ਵੱਡਾ ਝਟਕਾ ਲੱਗਿਆ ਹੈ। 10 ਸਾਲਾਂ ਤਕ ਸਾਥੀ ਰਹੇ ਗੋਰਖਾ ਜਨਮੁਕਤੀ ਮੋਰਚਾ ਨੇ ਭਾਜਪਾ ਦਾ ਸਾਥ ਛੱਡਣ ਦਾ ਐਲਾਨ ਕੀਤਾ ਹੈ। ਗੋਰਖਾ ਜਨਮੁਕਤੀ ਦੇ ਇਸ ਕਦਮ ਨਾਲ ਭਾਜਪਾ ਨੂੰ ਉੱਤਰੀ ਬੰਗਾਲ ਦੀ ਚਾਰ ਸੀਟਾਂ ‘ਤੇ ਨੁਕਸਾਨ ਹੋ ਸਕਦਾ ਹੈ। ਇਸ ‘ਚ ਦਾਰਜਲਿੰਗ ਦੀ ਸੀਟ ਵੀ ਸ਼ਾਮਲ ਹੈ ਜਿੱਥੇ ਭਾਜਪਾ 2009 ਤੋਂ ਬਾਅਦ ਲਗਾਤਾਰ ਜਿੱਤਦੀ ਆ ਰਹੀ ਹੈ।
ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਦਾਰਜਲਿੰਗ ਸੀਟ ‘ਤੇ ਬਿਨਾ ਗੋਰਖਾ ਦੇ ਸਮਰਥਨ ਤੋਂ ਜਿੱਤ ਹਾਸਲ ਕਰਨਾ ਮੁਸ਼ਕਲ ਹੈ। ਮੋਰਚਾ ਦੇ ਪ੍ਰਧਾਨ ਬਿਨੈ ਤਮਾਂਗ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਿੱਠੀ ਲਿਖ ਇਸ ਦੀ ਜਾਣਕਾਰੀ ਦਿੱਤੀ ਤੇ ‘ਤੀਜਾ ਮੋਰਚਾ’ ‘ਚ ਸ਼ਾਮਲ ਹੋਣ ਦੀ ਗੱਲ ਵੀ ਕੀਤੀ।
ਗੋਰਖਾ ਜਨਮੁਕਤੀ ਮੋਰਚਾ ਦੇ ਸੂਤਰਾਂ ਮੁਤਾਬਕ ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਸਾਡੀਆਂ ਮੰਗਾਂ ‘ਤੇ ਚੁੱਪੀ ਸਾਧਣ ਤੋਂ ਇਲਾਵਾ ਕਦੇ ਕੁਝ ਨਹੀਂ ਕੀਤਾ। ਜੇਕਰ ਮਮਤਾ ਜ਼ਮੀਨ ਨਾਲ ਜੁੜੇ ਮੁੱਦਿਆਂ ‘ਤੇ ਕੋਈ ਕਦਮ ਚੁੱਕਦੀ ਹੈ ਤਾਂ ਭਾਜਪਾ ਵਿਰੋਧੀ ਮੋਰਚੇ ਨੂੰ ਦਾਰਜ਼ਲਿੰਗ ਨਾਲ ਅਲੀਪੁਰਦਵਾਰ, ਜਲਪਾਈਗੁੜੀ ਤੇ ਰਾਏਗੰਜ ‘ਚ ਬੇਹਤਰੀਨ ਸ਼ੁਰੂਆਤ ਮਿਲੇਗੀ।