ਇਸ ਲੋਕ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਨਾਰਾਜ਼ ਭਾਜਪਾ ਛੱਡ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਸੰਸਦ ਮੈਂਬਰ ਉਦਿਤ ਰਾਜ ਨੇ ਵੀ ਐਗ਼ਜ਼ਿਟ ਪੋਲ ਦੇ ਨਤੀਜੇ ਰੱਦ ਕਰ ਦਿੱਤੇ ਹਨ। ਉਨ੍ਹਾਂ ਟਵਿੱਟਰ ਰਾਹੀਂ ਕੇਂਦਰ ਸਰਕਾਰ ਇਲਜ਼ਾਮ ਲਾਉਂਦਿਆਂ ਕਿਹਾ, "TV ਸਰਵੇਖਣ ਭਾਜਪਾ ਨੂੰ ਜਿਤਾ ਰਹੇ ਹਨ ਤਾਂ ਜੋ ਵਿਰੋਧੀ ਧਿਰਾਂ ਨਿਰਾਸ਼ ਹੋ ਜਾਣ ਅਤੇ ਏਕੇ ਦਾ ਪ੍ਰਗਟਾਵਾ ਨਾ ਕਰ ਸਕਣ। ਇੱਕ ਹੋਰ ਵਜ੍ਹਾ ਹੋ ਸਕਦੀ ਹੈ ਕਿ EVM ਦਾ ਖੇਡ ਕੀਤਾ ਜਾਏ।"
ਉਦਿਤ ਰਾਜ ਨੇ ਅੱਗੇ ਵੀ ਲਿਖਿਆ, "ਕੇਰਲ ਵਿੱਚ ਭਾਜਪਾ ਅੱਜ ਤਕ ਇੱਕ ਵੀ ਸੀਟ ਨਹੀਂ ਜਿੱਤ ਸਕੀ, ਜਾਣਦੇ ਹੋ ਕਿਉਂ? ਕਿਉਂਕਿ ਉੱਥੇ ਲੋਕ ਸਿੱਖਿਅਤ ਹਨ, ਅੰਨ੍ਹੇ ਭਗਤ ਨਹੀਂ।" ਦੱਸ ਦੇਈਏ ਕਿ ਬੀਤੇ ਕੱਲ੍ਹ ਸੱਤਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਖ਼ਤਮ ਹੋ ਚੁੱਕੀਆਂ ਹਨ। ਏਬੀਪੀ ਨਿਊਜ਼ ਸਮੇਤ ਸਾਰੇ ਸੱਤ ਨਿਜੀ ਚੈਨਲਾਂ ਨੇ ਐਗ਼ਜ਼ਿਟ ਪੋਲ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਮੁਤਾਬਕ ਐਨਡੀਏ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ। ਏਬੀਪੀ ਨਿਊਜ਼ ਅਤੇ ਨੀਲਸਨ ਦੇ ਸਰਵੇਖਣ ਵਿੱਚ ਐਨਡੀਏ ਨੂੰ 277 ਸੀਟਾਂ ਮਿਲ ਰਹੀਆਂ ਹਨ। ਉੱਥੇ ਹੀ ਯੂਪੀਏ ਨੂੰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਯਾਨੀ ਕਿ 130 ਸੀਟਾਂ 'ਤੇ ਜਿੱਤ ਮਿਲ ਰਹੀ ਹੈ। ਹੋਰਨਾਂ ਦੇ ਖਾਤੇ 135 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।