ਭੁਪਾਲ: ਲੋਕ ਸਭਾ ਚੋਣਾਂ ਦੇ ਐਗ਼ਜ਼ਿਟ ਪੋਲ ਵਿੱਚ ਐਨਡੀਏ ਨੂੰ ਬਹੁਮਤ ਮਿਲਣ ਦੀਆਂ ਸੰਭਾਵਨਾਵਾਂ ਉਜਾਗਰ ਹੋਣ 'ਤੇ ਭਾਜਪਾ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਹੈ। ਭਾਜਪਾ ਦਾ ਤਰਕ ਹੈ ਕਿ ਸੱਤਾ 'ਤੇ ਕਾਬਜ਼ ਭਾਈਵਾਲੀ ਵਾਲੀ ਕਾਂਗਰਸ ਸਰਕਾਰ ਦੇ ਕਈ ਵਿਧਾਇਕ ਪਾਰਟੀ ਛੱਡਣ ਲਈ ਤਿਆਰ ਹਨ। ਅਜਿਹੇ ਵਿੱਚ ਸਰਕਾਰ ਕੋਲ ਬਹੁਮਤ ਨਹੀਂ ਬਚੇਗਾ।


ਮੱਧ ਪ੍ਰਦੇਸ਼ ਵਿੱਚ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਨੇ ਮੀਡੀਆ ਨੂੰ ਦੱਸਿਆ ਕਿ ਇੱਥੇ ਬਹੁਤ ਸਾਰੇ ਮੁੱਦੇ ਹਨ ਤੇ ਕਾਂਗਰਸ ਦੇ ਵਿਧਾਇਕ ਪਾਰਟੀ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੀਆਂ 29 ਲੋਕ ਸਭਾ ਸੀਟਾਂ ਵਿੱਚੋਂ 26-27 ਸੀਟਾਂ ਭਾਜਪਾ ਦੇ ਹਿੱਸੇ ਜਾ ਰਹੀਆਂ ਹਨ ਅਜਿਹੇ ਵਿੱਚ ਸਾਫ ਹੈ ਕਿ ਕਾਂਗਰਸ ਕੋਲ ਵਿਸ਼ਵਾਸ ਨਹੀਂ ਬਚਿਆ।


ਸੂਬੇ ਦੀ ਵਿਧਾਨ ਸਭਾ ਦੀਆਂ 230 ਸੀਟਾਂ 'ਤੇ ਕਾਂਗਰਸ ਕੋਲ 114 ਅਤੇ ਭਾਜਪਾ ਕੋਲ 109 ਵਿਧਾਇਕ ਹਨ। ਸੂਬੇ ਵਿੱਚ ਕਾਂਗਰਸ ਨੇ 15 ਸਾਲ ਬਾਅਦ ਵਾਪਸੀ ਕੀਤੀ ਹੈ। ਜੇਕਰ ਕਾਂਗਰਸ ਦੇ ਵਿਧਾਇਕ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ ਤਾਂ ਸਰਕਾਰ ਡਿੱਗ ਸਕਦੀ ਹੈ। ਭਾਜਪਾ ਦੀ ਮੰਗ ਹੈ ਕਿ ਲੋਕਾਂ ਦੀ ਰਾਏ ਕਾਂਗਰਸ ਦੇ ਖ਼ਿਲਾਫ਼ ਹੈ, ਇਸ ਲਈ ਨਵਾਂ ਸੈਸ਼ਨ ਬੁਲਾ ਕੇ ਛੇਤੀ ਚਰਚਾ ਕਰਨੀ ਉਨ੍ਹਾਂ ਦਾ ਰਾਜ ਧਰਮ ਹੈ।