ਨਵੀਂ ਦਿੱਲੀ: ਭਾਰਤ ਦੇ ਮਹਾਨ ਬੱਲੇਬਾਜ਼ ਅਜੀਤ ਵਾਡੇਕਰ ਦਾ ਦੇਹਾਂਤ ਹੋ ਗਿਆ ਹੈ। 77 ਸਾਲ ਦੀ ਉਮਰ ਵਿੱਚ ਅਜੀਤ ਨੇ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਅਜੀਤ ਵਾਡੇਕਰ ਨੇ ਸੰਨ 1966 ਤੋਂ ਲੈਕੇ 19784 ਤਕ ਭਾਰਤੀ ਟੀਮ ਵਿੱਚ ਆਪਣਾ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਮਹੱਤਵਪੂਰਨ ਯੋਗਦਾਨ ਦਿੱਤਾ। ਅਜੀਤ ਦਾ ਨਾਂਅ ਦੇਸ਼ ਦੇ ਸਿਖਰਲੇ ਤਿੰਨ ਕ੍ਰਿਕੇਟਰਾਂ ਵਿੱਚ ਗਿਣਿਆ ਜਾਂਦਾ ਹੈ। ਅਜੀਤ ਦੀ ਮੌਤ ਨਾਲ ਕ੍ਰਿਕੇਟ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕ੍ਰਿਕੇਟ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਅਜੀਤ ਵਾਡੇਕਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਵਾਡੇਕਰ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਖੱਬੇ ਹੱਥ ਦੇ ਬੱਲੇਬਾਜ਼ ਤੇ ਸਾਬਕਾ ਕਪਤਾਨ ਦੀ ਕਮਾਨ ਹੇਠ ਭਾਰਤ ਸੰਨ 1971 ਵਿੱਚ ਵੈਸਟਇੰਡੀਜ਼ ਤੇ ਇੰਗਲੈਂਡ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰ ਪੂਰੀ ਦੁਨੀਆ ਵਿੱਚ ਦੇਸ਼ ਦਾ ਝੰਡਾ ਬੁਲੰਦ ਕੀਤਾ ਸੀ। ਅਜੀਤ ਵਾਡੇਕਰ ਦਾ ਪੂਰਾ ਨਾਂਅ ਅਜੀਤ ਲਕਸ਼ਮਣ ਵਾਡੇਕਰ ਹੈ। ਉਨ੍ਹਾਂ ਦਾ ਜਨਮ ਸੰਨ 1941 ਵਿੱਚ ਮੁੰਬਈ ਵਿੱਚ ਹੋਇਆ ਸੀ। ਸਫ਼ਲ ਕਪਤਾਨ ਰਹਿਣ ਤੋਂ ਇਲਾਵਾ ਅਜੀਤ ਖੱਬੇ ਹੱਥ ਦੇ ਬੱਲੇਬਾਜ਼ ਤੇ ਚੰਗੇ ਫੀਲਡਰ ਰਹੇ ਹਨ। ਉਨ੍ਹਾਂ ਦਾ ਕੌਮਾਂਤਰੀ ਕਰੀਅਰ 8 ਸਾਲ ਦਾ ਰਿਹਾ ਹੈ। ਵਾਡੇਕਰ ਨੇ 37 ਟੈਸਟ ਮੈਚ ਖੇਡੇ, ਜਿਨ੍ਹਾਂ ਵਿੱਚ 31.07 ਦੀ ਔਸਤ ਨਾਲ 2113 ਦੌੜਾਂ ਬਣਾਈਆਂ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਇੱਕੋ ਸੈਂਕੜਾ (143 ਦੌੜਾਂ) ਨਿਊਜ਼ੀਲੈਂਡ ਵਿਰੁੱਧ ਬਣਾਈਆਂ। 237 ਫਰਸਟ ਕਲਾਸ ਮੈਚਾਂ ਵਿੱਚ ਵਾਡੇਕਰ ਨੇ 47 ਦੀ ਔਸਤ ਨਾਲ 15,380 ਦੌੜਾਂ ਵੀ ਬਣਾਈਆਂ ਤੇ 1966-67 ਦੀ ਰਣਜੀ ਟ੍ਰਾਫੀ ਦੇ ਮੈਚ ਵਿੱਚ 323 ਦੌੜਾਂ ਦਾ ਸਰਵੋਤਮ ਸਕੋਰ ਵੀ ਬਣਾਇਆ।