ਅਭਿਨੰਦਨ ਦੀ ਵਾਪਸੀ ਨਵਜੋਤ ਸਿੱਧੂ ਕਰਕੇ ਹੋਈ..? ਸਾਬਕਾ ਮੁੱਖ ਮੰਤਰੀ ਨੇ ਕੀਤਾ ਦਾਅਵਾ
ਏਬੀਪੀ ਸਾਂਝਾ | 02 Mar 2019 11:20 AM (IST)
ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇਸ਼ ਪਤਰ ਆਏ ਹਨ। ਪਾਕਿਸਤਾਨ ਦੇ ਲੜਾਕੂ ਜਹਾਜ਼ ਐਫ-16 ਨੂੰ ਤਬਾਹ ਕਰਨ ਮਗਰੋਂ ਉਹ ਪਾਕਿਸਤਾਨ ਵਿੱਚ ਪਹੁੰਚ ਗਏ ਸਨ ਅਤੇ ਬੀਤੇ ਕੱਲ੍ਹ ਪਾਕਿਸਤਾਨ ਨੇ ਉਨ੍ਹਾਂ ਨੂੰ ਭਾਰਤ ਹਵਾਲੇ ਕੀਤਾ ਹੈ। ਅਭਿਨੰਦਨ ਦੇ ਭਾਰਤ ਵਾਪਸ ਆਉਣ ਦਾ ਸਿਹਰਾ ਨਵਜੋਤ ਸਿੱਧੂ ਨੂੰ ਜਾਂਦਾ ਹੈ। ਇਹ ਕਹਿਣਾ ਹੈ ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ। ਓਮਨ ਚਾਂਡੀ ਨੇ ਟਵਿੱਟਰ 'ਤੇ ਅਭਿਨੰਦਨ ਦਾ ਸਵਾਗਤ ਕਰਦਿਆਂ ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਸਾਰਥਕ ਕੋਸ਼ਿਸ਼ਾਂ ਨਾਲ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਦਭਾਵਨਾ ਲਈ ਧੰਨਵਾਦ। ਸਿੱਧੂ ਨੇ ਵੀ ਓਮਨ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੇ ਵੱਲੋਂ ਵਧਾਈ ਹਿੰਮਤ ਸਦਕਾ ਮੇਰਾ ਹੌਸਲਾ ਕਈ ਗੁਣਾ ਵਧ ਗਿਆ ਹੈ। ਤੁਹਾਡੇ ਸ਼ਬਦ ਮੈਨੂੰ ਨਿਡਰਤਾ ਨਾਲ ਸੱਚ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਕਦੇ ਵੀ ਸਮਝੌਤਾ ਨਾ ਕਰਨ ਦੀ ਤਾਕਤ ਦਿੰਦੇ ਹਨ।