ਸ੍ਰੀਨਗਰ: ਬੇਸ਼ੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਸ ਦੇਸ਼ ਭੇਜ ਦਿੱਤਾ ਹੈ ਅਤੇ ਉਹ ਲਗਾਤਾਰ ਸ਼ਾਂਤੀ ਵਾਰਤਾ ਦਾ ਰਾਗ ਅਲਾਪ ਰਹੇ ਹਨ ਪਰ ਉਨ੍ਹਾਂ ਦਾ ਅਸਲ ਚਿਹਰਾ ਤਾਂ ਬਾਰਡਰ ‘ਤੇ ਨਜ਼ਰ ਆ ਰਿਹਾ ਹੈ। ਦੇਰ ਰਾਤ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਭਾਰੀ ਗੋਲੀਬਾਰੀ ਕੀਤੀ, ਜਿਸ ‘ਚ ਇੱਕ ਪਰਿਵਾਰ ਦੇ 5 ਸਾਲਾ ਬੱਚੇ ਅਤੇ 9 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਹੈ।
ਪੁੰਛ ‘ਚ ਪਿਛਲੇ ਦੋ ਦਿਨਾਂ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਸੈਨਿਕਾਂ ਨੇ ਮੋਰਟਾਰ ਦੇ ਗੋਲੇ ਅਤੇ ਭਾਰੀ ਗੰਨ ਨਾਲ ਆਮ ਲੋਕਾਂ ਦੇ ਰਹਿਣ ਵਾਲੇ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਭਾਰਤੀ ਫ਼ੌਜ ਵੀ ਇਸ ਦਾ ਕਰਾਰਾ ਜਵਾਬ ਦੇ ਰਹੀ ਹੈ। ਇਲਾਕੇ ਦੇ ਕਈ ਘਰਾਂ ‘ਚ ਗੋਲੇ ਡਿੱਗੇ।
ਸਲੋਤਰੀ ਅਤੇ ਮਨਕੋਟ ਤੋਂ ਇਲਾਵਾ ਪੁੰਝ ਜ਼ਿਲ੍ਹੇ ਦੇ ਕ੍ਰਿਸ਼ਨਾਘਾਟੀ ਇਲਾਕੇ ‘ਚ ਵੀ ਗੋਲੀਬਾਰੀ ਦੀ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਇਹ ਲਗਾਤਾਰ ਅੱਠਵਾਂ ਦਿਨ ਹੈ ਜਦੋਂ ਪਾਕਿਸਤਾਨੀ ਸੈਨਾ ਨੇ ਰਾਜੌਰੀ ਅਤੇ ਪੁੰਛ ਜ਼ਿਲ੍ਹੇ ‘ਚ ਐਲਓਸੀ ‘ਤੇ ਸੀਜ਼ਫਾਈਰ ਦਾ ਉਲੰਘਣ ਕੀਤਾ ਹੈ।
ਪਾਕਿਸਤਾਨੀ ਸੈਨਾ ਨੇ ਪਿਛਲੇ ਇੱਕ ਹਫਤੇ ‘ਚ 60 ਵਾਰ ਗੋਲ਼ੀਬੰਦੀ ਦੀ ਉਲੰਘਣਾ ਕੀਤਾ ਹੈ। ਜਿਸ ‘ਚ ਜੰਮੂ-ਕਸ਼ਮੀਰ ਦੇ ਪੁੰਛ, ਰਾਜੌਰੀ ਅਤੇ ਬਾਰਾਕੋਟ ਜ਼ਿਲ੍ਹੇ ‘ਚ 70 ਗੈਰ-ਸੈਨਿਕ ਅਤੇ ਕੌਮਾਂਤਰੀ ਸਰਹੱਦ ਦੇ ਨੇੜਲੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਰਾਜੌਰੀ ਅਤੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਲਾਈਨ ਤੋਂ ਪੰਜ ਕਿਲੋਮੀਟਰ ਦੇ ਦਾਇਰੇ ‘ਚ ਆਉਣ ਵਾਲੀਆਂ ਸਿੱਖਿਅਕ ਸੰਸਥਾਵਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਬਾਰਡਰ ਨੇੜੇ ਰਹਿਣ ਵਾਲੇ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਹਿਦਾਇਤਾਂ ਦਿੱਤੀਆਂ ਹਨ।