Exit Poll 2024: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਕਈ ਐਗਜ਼ਿਟ ਪੋਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਨੂੰ ਭਾਰੀ ਬਹੁਮਤ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਇਨ੍ਹਾਂ ਐਗਜ਼ਿਟ ਪੋਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਸੱਤਾ ’ਚ ਆਉਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।
ਐਗਜ਼ਿਟ ਪੋਲ ਮੁਤਾਬਕ ਸੱਤਾਧਾਰੀ ਗੱਠਜੋੜ ਐਨਡੀਏ ਇਸ ਵਾਰ ਤਾਮਿਲਨਾਡੂ ਤੇ ਕੇਰਲ ਵਿੱਚ ਖਾਤਾ ਖੋਲ੍ਹ ਸਕਦਾ ਤੇ ਕਰਨਾਟਕ ’ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ ਪਰ ਬਿਹਾਰ, ਰਾਜਸਥਾਨ ਤੇ ਹਰਿਆਣਾ ਵਰਗੇ ਸੂਬਿਆਂ ’ਚ ਇਸ ਦੀਆਂ ਸੀਟਾਂ ਦੀ ਗਿਣਤੀ ਘਟ ਸਕਦੀ ਹੈ।
ਏਬੀਪੀ-ਸੀ ਵੋਟਰ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਨੂੰ 353 ਤੋਂ 383 ਤੱਕ ਸੀਟਾਂ ਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ 152 ਤੋਂ 182 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਟੂਡੇਜ਼ ਚਾਣਕਿਆ ਨੇ ਭਾਜਪਾ ਨੂੰ 335 ਸੀਟਾਂ ਤੇ ਐਨਡੀਏ ਨੂੰ 400 ਸੀਟਾਂ ਦਿੱਤੀਆਂ ਹਨ। ਇਸ ਗਿਣਤੀ ਵਿੱਚ 15 ਸੀਟਾਂ ਘਟਣ ਜਾਂ ਵਧਣ ਦੀ ਗੱਲ ਵੀ ਆਖੀ ਗਈ ਹੈ। ਇਸ ਤੋਂ ਇਲਾਵਾ ‘ਇੰਡੀਆ’ ਗੱਠਜੋੜ ਨੂੰ 107 ਸੀਟਾਂ ਦਿੱਤੀਆਂ ਗਈਆਂ ਹਨ ਤੇ ਇਹ ਗਿਣਤੀ 11 ਸੀਟਾਂ ਤੱਕ ਉੱਪਰ-ਥੱਲੇ ਹੋ ਸਕਦੀ ਹੈ।
ਰਿਪਬਲਿਕ ਟੀਵੀ-ਪੀ ਮਾਰਕ ਦੇ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੋਕ ਸਭਾ ਦੀਆਂ ਕੁੱਲ 543 ਸੀਟਾਂ ’ਚੋਂ ਸੱਤਾਧਾਰੀ ਗੱਠਜੋੜ ਐੱਨਡੀਏ 359 ਸੀਟਾਂ ’ਤੇ ਜਿੱਤ ਹਾਸਲ ਕਰੇਗਾ ਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ 154 ਸੀਟਾਂ ਮਿਲਣਗੀਆਂ। ਰਿਪਬਲਿਕ ਟੀਵੀ-ਮੈਟ੍ਰਿਜ਼ ਦੇ ਐਗਜ਼ਿਟ ਪੋਲ ਵਿੱਚ ਐੱਨਡੀਏ ਨੂੰ 353-368 ਸੀਟਾਂ ਤੇ ‘ਇੰਡੀਆ’ ਗੱਠਜੋੜ ਨੂੰ 118-133 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।
ਜਨ ਕੀ ਬਾਤ ਦੇ ਸਰਵੇਖਣ ਵਿੱਚ ਐਨਡੀਏ ਨੂੰ 362-392 ਸੀਟਾਂ ਅਤੇ ‘ਇੰਡੀਆ’ ਗੱਠਜੋੜ ਨੂੰ 141-161 ਸੀਟਾਂ ਦਿੱਤੀਆਂ ਗਈਆਂ ਹਨ। ਇੰਡੀਆ ਟੀਵੀ-ਸੀਐੱਨਐਕਸ ਨੇ ਆਪਣੇ ਅਨੁਮਾਨ ਵਿੱਚ ਐੱਨਡੀਏ ਨੂੰ 371-401 ਅਤੇ ‘ਇੰਡੀਆ’ ਗੱਠਜੋੜ ਨੂੰ 109-139 ਸੀਟਾਂ ਦਿੱਤੀਆਂ ਹਨ। ਹਾਲਾਂਕਿ, ਨਿਊਜ਼ ਨੇਸ਼ਨ ਵੱਲੋਂ ਅਨੁਮਾਨ ਲਾਇਆ ਗਿਆ ਹੈ ਕਿ ਐਨਡੀਏ ਨੂੰ 342-378 ਤੇ ‘ਇੰਡੀਆ’ ਗੱਠਜੋੜ ਨੂੰ 153-169 ਸੀਟਾਂ ਮਿਲ ਸਕਦੀਆਂ ਹਨ।
ਸਾਲ 2019 ਦੀਆਂ ਚੋਣਾਂ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਐਨਡੀਏ ਦੀਆਂ ਸੀਟਾਂ ਦੀ ਗਿਣਤੀ 353 ਸੀ। ਕਾਂਗਰਸ ਨੂੰ 53 ਸੀਟਾਂ ਤੇ ਉਸ ਦੇ ਸਹਿਯੋਗੀਆਂ ਨੂੰ 38 ਸੀਟਾਂ ਮਿਲੀਆਂ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।