ਚੰਡੀਗੜ੍ਹ: ਪਿਛਲੇ ਦੋ ਦਿਨਾਂ ਤੋਂ ਆਸਮਾਨ 'ਚ ਚੜ੍ਹੀ ਧੂੜ ਮਿੱਟੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਮੀਂਹ ਹਨ੍ਹੇਰੀ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪੌਲ ਨੇ ਦੱਸਿਆ ਕਿ 15 ਤੋਂ 17 ਜੂਨ ਦੇ ਵਿਚਾਲੇ ਧੂੜ੍ਹ-ਮਿੱਟੀ ਭਰੇ ਝੱਖੜ-ਤੂਫਾਨ ਦਾ ਖਦਸ਼ਾ ਹੈ ਜਦਕਿ 15 ਤੋਂ 16 ਜੂਨ ਦਰਮਿਆਨ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਜੂਨ ਦੇ ਆਖਰੀ ਹਫ਼ਤੇ ਮਾਨਸੂਨ ਚੰਡੀਗੜ੍ਹ 'ਚ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ। ਇਸ ਵੇਲੇ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਆਸਮਾਨ 'ਚ ਧੂੜ ਚੜ੍ਹੀ ਹੋਈ ਹੈ। ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਹੈ। ਬਾਰਸ਼ ਨਾਲ ਹੀ ਧੂੜ ਤੋਂ ਰਾਹਤ ਮਿਲ ਸਕਦੀ ਹੈ।
ਚੰਡੀਗੜ੍ਹ 'ਚ ਬੁੱਧਵਾਰ ਨੂੰ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਤੋੜਦਿਆਂ 42.3 ਡਿਗਰੀ ਸੈਲਸੀਅਸ ਪਾਰਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 22 ਮਈ ਨੂੰ ਚੰਡੀਗੜ੍ਹ ਦਾ ਇਸ ਵਾਰ ਦਾ ਸਭ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।