ਸ਼ਿਲਾਂਗ: ਸਿੱਖਾਂ ਤੇ ਸਥਾਨਕ ਖਾਸੀ ਭਾਈਚਾਰੇ ਦਰਮਿਆਨ ਜਾਰੀ ਟਕਰਾਅ ਸ਼ਾਂਤ ਹੋਣ ਕਾਰਨ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਲਾਏ ਕਰਫਿਊ ਦੇ 12 ਦਿਨਾਂ ਬਾਅਦ ਅੱਜ ਸ਼ਿਲਾਂਗ ਤੇ ਇਸ ਦੇ ਨਾਲ ਲੱਗਦੇ ਖ਼ਾਸੀ ਜੈਨਥੀਆ ਹਿੱਲ ਇਲਾਕੇ ਵਿੱਚ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਤਾਜ਼ਾ ਰਿਪੋਰਟ ਮੁਤਾਬਕ ਸਿੱਖਾਂ ਨੇ ਹਮਲੇ ਦੇ ਡਰੋਂ ਗੁਰੂ ਘਰ ਦੇ ਦਰਵਾਜ਼ਿਆਂ ਨੂੰ ਬੈਰੀਕੇਡ ਲਗਾ ਸੀਲ ਕਰ ਦਿੱਤਾ ਸੀ ਤਾਂ ਜੋ ਹਮਲਾਵਰਾਂ ਤੋਂ ਬਚਾਅ ਹੋ ਸਕੇ। ਸ਼ਿਲਾਂਗੀ ਦੀ ਪੰਜਾਬੀ ਲੇਨ 'ਚ ਮੌਜੂਦ ਸਿੱਖਾਂ ਨੇ ਗੁਰਦੁਆਰੇ ਵਿੱਚ ਸ਼ਰਨ ਲਈ ਹੋਈ ਸੀ। ਪਰ ਹੁਣ ਹੌਲੀ-ਹੌਲੀ ਸਾਰੇ ਸਿੱਖ ਪਰਿਵਾਰ ਆਪੋ ਆਪਣੇ ਘਰਾਂ ਵੱਲ ਜਾ ਰਹੇ ਹਨ।

 

ਇੱਥੇ ਸਿੱਖਾਂ ਤੇ ਸਥਾਨਕ ਲੋਕਾਂ ਦਰਮਿਆਨ ਝਗੜਾ ਹੋ ਗਿਆ ਸੀ ਤੇ ਝਗੜੇ ਵਿੱਚ ਸਥਾਨਕ ਖਾਸੀ ਭਾਈਚਾਰੇ ਦੇ ਇੱਕ ਬੱਸ ਦੇ ਕਲੀਨਰ ਤੇ ਕੰਡਕਟਰ ਵਜੋਂ ਕੰਮ ਕਰਨ ਵਾਲਾ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ ਸੋਸ਼ਲ ਮੀਡੀਆ ’ਤੇ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਬੱਸ ਦੇ ਕਲੀਨਰ ਦੀ ਮੌਤ ਹੋ ਗਈ ਹੈ ਅਤੇ ਫਿਰ ਬੱਸ ਡਰਾਈਵਰਾਂ ਨੇ ਪੰਜਾਬੀ ਲੇਨ ਇਲਾਕੇ ਨੂੰ ਘੇਰ ਲਿਆ ਸੀ ਅਤੇ ਪੁਲੀਸ ਨੂੰ ਇਸ ’ਤੇ ਕਾਬੂ ਪਾਉਣ ਲਈ ਕਾਫ਼ੀ ਜੱਦੋ ਜਹਿਦ ਕਰਨੀ ਪਈ। ਸੱਤ ਜ਼ਿਲ੍ਹਿਆਂ ਵਿੱਚ 1 ਜੂਨ ਤੋਂ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ।



ਖਾਸੀ ਹਿੱਲ ਦੇ ਡੀਸੀ ਪੀਐਸ ਦਖਾਰ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਇਸ ਇਲਾਕੇ ਵਿੱਚ ਅੱਜ ਸਥਿਤੀ ਦੀ ਸਮੀਖਿਆ ਕੀਤੀ ਅਤੇ ਮੋਬਾਈਲ ਤੇ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਿਰਣਾ ਪੁਲੀਸ ਵੱਲੋਂ ਸਰਕਾਰ ਨੂੰ ਸਥਿਤੀ ਕੰਟੋਰਲ ਹੇਠ ਹੋਣ ਦੇ ਕੀਤੇ ਦਾਅਵੇ ਤੋਂ ਬਾਅਦ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ 14 ਪ੍ਰਭਾਵਿਤ ਇਲਾਕਿਆਂ ਵਿੱਚ ਅੱਜ ਰਾਤ ਦੇ ਕਰਫਿਊ ਵਿੱਚ ਦੋ ਘੰਟੇ ਦੀ ਢਿੱਲ ਦਿੱਤੀ ਗਈ ਹੈ।

ਸ਼ਿਲਾਂਗ ਵਿੱਚ ਸਿੱਖਾਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੀ ਜਾਇਜ਼ਾ ਲੈਣ ਲਈ ਪਹੁੰਚੇ ਸਨ। ਸੋਸ਼ਲ ਮੀਡੀਆ ਰਾਹੀਂ ਇਹ ਵੀ ਅਫਵਾਹਾਂ ਸਨ ਕਿ ਸ਼ਿਲਾਂਗ ਵਿੱਚ ਗੁਰਦੁਆਰੇ 'ਤੇ ਵੀ ਹਮਲਾ ਕੀਤਾ ਗਿਆ ਹੈ। ਪਰ ਇਨ੍ਹਾਂ ਸਾਰੇ ਵਫ਼ਦਾਂ ਨੇ ਇਸ ਗੱਲ ਦਾ ਖੰਡਨ ਕੀਤਾ ਤੇ ਹੌਲੀ ਹੌਲੀ ਹਾਲਾਤ ਸੁਧਰਨ ਦੀ ਗੱਲ ਕਹੀ ਸੀ।