ਕੋਜ਼ੀਕੋਡ: ਕੇਰਲ ’ਚ ਅੱਜ ਸਵੇਰੇ ਇੱਕ ਰੇਲ ਗੱਡੀ ’ਚੋਂ ਭਾਰੀ ਮਾਤਰਾ ਵਿੱਚ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਰੇਲਵੇ ਪ੍ਰੋਟੈਕਸ਼ਨ ਫ਼ੋਰਸ (RPF) ਨੇ ਜਿਲੇਟਿਨ ਦੀਆਂ 100 ਤੋਂ ਵੱਧ ਛੜਾਂ ਤੇ ਵਿਸਫੋਟਕ ਪਦਾਰਥ ਜ਼ਬਤ ਕੀਤੇ ਹਨ।  ਇਹ ਖ਼ਤਰਨਾਕ ਸਮੱਗਰੀ ਕੇਰਲ ਦੇ ਕੋਜ਼ੀਕੋਡ ਰੇਲਵੇ ਸਟੇਸ਼ਨ ’ਤੇ ਚੇਨਈ-ਮੈਂਗਲੁਰੂ ਸੁਪਰ ਫ਼ਾਸਟ ਐਕਸਪ੍ਰੈੱਸ ਰੇਲ ਗੱਡੀ ’ਚੋਂ ਮਿਲੀ ਹੈ। ਇਸ ਮਾਮਲੇ ’ਚ ਇੱਕ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਜਿਸ ਸੀਟ ਉੱਤੇ ਉਹ ਔਰਤ ਬੈਠੀ ਸੀ, ਉਸ ਦੇ ਹੇਠਾਂ ਹੀ ਇਹ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋਈ ਹੈ। ਉਹ ਚੇਨਈ ਤੋਂ ਥਾਲਾਸੇਰੀ ਜਾ ਰਹੀ ਹੈ। ਹਾਲੇ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਉਹੀ ਔਰਤ ਇਹ ਘਾਤਕ ਸਮੱਗਰੀ ਗੱਡੀ ’ਚ ਲੈ ਕੇ ਆਈ ਸੀ ਕਿ ਜਾਂ ਕੋਈ ਹੋਰ।


ਜਿਲੇਟਿਨ ਇੱਕ ਪ੍ਰਕਾਰ ਦਾ ਵਿਸਫੋਟਕ ਪਦਾਰਥ ਹੈ, ਜਿਸ ਦੀ ਵਰਤੋਂ ਠੋਸ ਜਾਂ ਤਰਲ ਦੋਵੇਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇਹ ਗੰਨ ਕੌਟਨ ਫ਼ੈਮਿਲੀ ਦਾ ਵਿਸਫੋਟਕ ਪਦਾਰਥ ਮੰਨਿਆ ਜਾਂਦਾ ਹੈ। ਭਾਰਤ ’ਚ ਇਸ ਧਮਾਕਾਖ਼ੇਜ਼ ਸਮੱਗਰੀ ਦੀ ਵਰਤੋਂ ਪਹਾੜ ਤੋੜਨ ਤੇ ਖਾਣਾਂ ਦੀ ਪੁਟਾਈ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ’ਚ ਇਹ ਸਮੱਗਰੀ ਕੋਲ ਰੱਖਣ ਲਈ ਲਾਇਸੈਂਸ ਲੈਣਾ ਪੈਂਦਾ ਹੈ ਤੇ ਇਸ ਦੀ ਕਿੰਨੀ ਮਾਤਰਾ ਰੱਖਣੀ ਹੈ ਤੇ ਇਸ ਨੂੰ ਕਿਵੇਂ ਤੇ ਕਦੋਂ ਇਸਤੇਮਾਲ ਕਰਨਾ ਹੈ, ਇਹ ਵੀ ਸਰਕਾਰ ਹੀ ਤੈਅ ਕਰਦੀ ਹੈ।


ਜਿਲੇਟਿਨ ਨੂੰ ਜਦੋਂ ਵੀ ਟ੍ਰਿਗਰ ਮਿਲਦਾ ਹੈ, ਤਾਂ ਉਸ ਵਿੱਚ ਧਮਾਕਾ ਹੁੰਦਾ ਹੈ। ਡੈਟੋਨੇਟਰ ਨਾਲ ਕੰਟਰੋਲ ਕਰ ਕੇ ਇਸ ਵਿਸਫੋਟਕ ਨੂੰ ਡੈਟੋਨੇਟ ਕਰ ਕੇ ਧਮਾਕਾ ਕਰਵਾਇਆ ਜਾਂਦਾ ਹੈ। ਜਿਲੇਟਿਨ ਵਰਤੋਂ ਨਕਸਲੀ ਸੰਗਠਨਾਂ ਤੋਂ ਇਲਾਵਾ ਅੱਤਵਾਦੀ ਜੱਥੇਬੰਦੀਆਂ ਵੀ ਕਰਦੀਆਂ ਹਨ।