ਜਲੰਧਰ: ਅੰਮ੍ਰਿਤਸਰ ਤੋਂ ਦਿੱਲੀ ਤਕ ਦਾ ਸਫ਼ਰ ਹੁਣ ਸਿਰਫ 4 ਘੰਟਿਆਂ ਵਿੱਚ ਤੈਅ ਕੀਤਾ ਜਾ ਸਕੇਗਾ ਕਿਉਂਕਿ ਦੋਵਾਂ ਸ਼ਹਿਰਾਂ ਨੂੰ ਐਕਸਪ੍ਰੈਸ ਵੇਅ ਨਾਲ ਜੋੜੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਐਕਸਪ੍ਰੈਸ ਵੇਅ ਦੀ ਪਲਾਨਿੰਗ ਕਈ ਸਾਲ ਪਹਿਲਾਂ ਕੀਤੀ ਗਈ ਸੀ, ਪਰ ਬਾਅਦ ਵਿੱਚ ਇਹ ਪ੍ਰੋਜੈਕਟ ਕਾਗਜ਼ਾਂ ਤਕ ਹੀ ਸੀਮਤ ਰਹਿ ਗਿਆ ਸੀ। 2016 ਵਿੱਚ ਇਸ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਗੱਲਬਾਤ ਤੋਰੀ ਸੀ।


ਮੀਡੀਆ ਰਿਪੋਰਟਾਂ ਮੁਤਾਬਕ ਇਹ ਇੱਕ ਸਿਕਸ ਲੇਨ ਐਕਸਪ੍ਰੈਸ ਵੇਅ ਹੋਏਗਾ, ਜਿਸਦੇ ਬਣਨ ਨਾਲ ਅੰਮ੍ਰਿਤਸਰ-ਨਵੀਂ ਦਿੱਲੀ ਵਿਚਲੀ ਦੂਰੀ ਤਾਂ ਘੱਟ ਹੋਏਗੀ ਹੀ, ਅੰਮ੍ਰਿਤਸਰ ਤੋਂ ਕਟਰਾ ਦਾ ਪੈਂਡਾ ਵੀ ਘਟ ਜਾਏਗਾ। ਨਵਾਂ ਹਾਈਵੇਅ ਬਣਨ ਨਾਲ ਅੰਮ੍ਰਿਤਸਰ ਤੋਂ ਸਿਰਫ 4 ਘੰਟੇ ਵਿੱਚ ਦਿੱਲੀ ਤੇ ਤਿੰਨ ਘੰਟਿਆਂ ਵਿੱਚ ਜੰਮੂ ਪਹੁੰਚਿਆ ਜਾ ਸਕੇਗਾ।

ਇਹ ਪ੍ਰੋਜੈਕਟ ਟੈਂਡਰਿੰਗ ਸਟੇਜ ’ਤੇ ਪਹੁੰਚ ਗਿਆ ਹੈ। ਇਸ ਲਈ ਜ਼ਮੀਨ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੰਜਾਬ-ਹਰਿਆਣਾ-ਹਿਮਾਚਲ ਦੇ ਮੁੱਖ ਮੰਤਰੀਆਂ ਦੇ ਇਲਾਵਾ ਜੰਮੂ-ਕਸ਼ਮੀਰ ਦੇ ਰਾਜਪਾਲ ਵੀ ਆਪਸੀ ਸੰਪਰਕ ਵਿੱਚ ਹਨ।