ਨਵੀਂ ਦਿੱਲੀ: ਫੇਸਬੁੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਮੰਗ ਕਰਨ ਵਾਲੇ ਇਕ ਸੀਨੀਅਰ ਆਰਮੀ ਅਫ਼ਸਰ ਨੂੰ ਦਿੱਲੀ ਹਾਈ ਕੋਰਟ ਨੇ ਸਖ਼ਤ ਤਾੜਨਾ ਕੀਤੀ ਹੈ। ਅਦਾਲਤ ਨੇ ਕਿਹਾ ਕਿ ਜੇ ਤੁਹਾਨੂੰ ਫੇਸਬੁੱਕ ਬਹੁਤ ਜ਼ਿਆਦਾ ਹੀ ਪਸੰਦ ਹੈ, ਤਾਂ ਤੁਸੀਂ ਨੌਕਰੀ ਤੋਂ ਅਸਤੀਫਾ ਦੇ ਦਿਓ।ਅਧਿਕਾਰੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਇੱਕ ਵਾਰ ਡੇਟਾ ਡਿਲੀਟ ਕਰਨ ਤੇ ਉਹ ਆਪਣੇ ਸਾਰੇ ਦੋਸਤਾਂ ਦਾ ਸੰਪਰਕ ਗੁਆ ਦੇਵੇਗਾ।



ਅਧਿਕਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਸਮੇਤ 89 ਐਪਸ 'ਤੇ ਪਾਬੰਦੀ ਲਗਾਉਣ ਵਿਰੁੱਧ ਅਪੀਲ ਕੀਤੀ ਸੀ। ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ ਨੂੰ ਹੋਵੇਗੀ ਅਤੇ ਬੈਂਚ ਨੇ ਵਧੀਕ ਸਾਲਿਸਿਟਰ ਜਨਰਲ ਚੇਤਨ ਸ਼ਰਮਾ ਨੂੰ ਸੀਲਬੰਦ ਲਿਫ਼ਾਫ਼ੇ ਵਿੱਚ ਨੀਤੀਗਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਹੈ।



ਜਸਟਿਸ ਰਾਜੀਵ ਸਹਾਏ ਅਤੇ ਆਸ਼ਾ ਮੈਨਨ ਦੇ ਬੈਂਚ ਨੇ ਬੁੱਧਵਾਰ ਨੂੰ ਲੈਫਟੀਨੈਂਟ ਕਰਨਲ ਪੀ ਕੇ ਚੌਧਰੀ ਦੀ ਅਪੀਲ ਤੇ ਸੁਣਵਾਈ ਕੀਤੀ। ਚੌਧਰੀ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਅਦਾਲਤ ਨੂੰ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਨੂੰ ਆਦੇਸ਼ ਨੂੰ ਵਾਪਸ ਲੈਣ ਲਈ ਨਿਰਦੇਸ਼ ਦੇਵੇ ਜਿਸ 'ਚ ਜਵਾਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਅਕਾਊਂਟ ਡਿਲੀਟ ਕਰਨ ਲਈ ਕਿਹਾ ਗਿਆ ਸੀ।



ਬੈਂਚ ਨੇ ਅਧਿਕਾਰੀ ਨੂੰ ਕਿਹਾ- ਤੁਸੀਂ ਫੈਸਲਾ ਕਰੋ। ਨੀਤੀ ਇਹ ਹੈ ਕਿ ਸੈਨਾ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ 'ਤੇ ਪਾਬੰਦੀ ਹੈ।ਇਹ ਫੈਸਲਾ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ, ਇਸ ਲਈ ਤੁਹਾਨੂੰ ਫੇਸਬੁੱਕ ਅਕਾਉਂਟ ਨੂੰ ਡਿਲੀਟ ਕਰਨਾ ਪਏਗਾ।