ਨਵੀਂ ਦਿੱਲੀ: ਜੇਕਰ ਤੁਸੀਂ ਕਿਸੇ ਘਰੇਲੂ ਉਡਾਣ ਵਿੱਚ ਸਫ਼ਰ ਕਰ ਰਹੇ ਹੋ ਤਾਂ ਤੁਹਾਨੂੰ ਬੋਰਡਿੰਗ ਪਾਸ ਦਿਖਾਉਣ ਦੀ ਲੋੜ ਨਹੀਂ। ਸਰਕਾਰ ਹੁਣ ਫੇਸ਼ੀਅਲ ਰਿਕੌਗਨਿਸ਼ਨ ਤੇ ਬਾਇਓਮੈਟ੍ਰਿਕ ਦੀ ਸੁਵਿਧਾ ਲਿਆਉਣ ਜਾ ਰਹੀ ਹੈ, ਜਿਸ ਨਾਲ ਹਵਾਈ ਅੱਡੇ ਨੂੰ ਕਾਗ਼ਜ਼ ਰਹਿਤ ਬਣਾਉਣ ਵਿੱਚ ਕਾਫੀ ਸਫ਼ਲਤਾ ਮਿਲੇਗੀ।
ਇਹ ਸੁਵਿਧਾ ਛੇਤੀ ਹੀ ਪੀਪੀਪੀ ਮੈਟਰੋ ਏਅਰਪੋਰਟ 'ਤੇ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਦਿੱਲੀ, ਮੁੰਬਈ, ਹੈਦਰਾਬਾਦ ਤੇ ਬੇਂਗਲੁਰੂ ਸ਼ਾਮਲ ਹਨ। ਇਸ ਤੋਂ ਇਲਾਵਾ ਵਾਰਾਣਸੀ, ਵਿਜੈਵਾੜਾ, ਪੁਣੇ ਤੇ ਕੋਲਕਾਤਾ ਜਿਹੇ ਵੱਡੇ ਹਵਾਈ ਅੱਡਿਆਂ ਨੂੰ ਵੀ ਇਸ ਸੁਵਿਧਾ ਨਾਲ ਲੈਸ ਕੀਤਾ ਜਾ ਸਕਦਾ ਹੈ। ਇਸ ਸੁਵਿਧਾ ਨੂੰ ਆਉਣ ਵਾਲੇ ਛੇ ਮਹੀਨਿਆਂ ਅੰਦਰ ਲਾਗੂ ਕਰ ਦਿੱਤਾ ਜਾਵੇਗਾ।
ਡਿਜੀ ਯਾਤਰਾ ਸਿਸਟਮ ਫਿਲਹਾਲ ਪ੍ਰਕਿਰਿਆ ਵਿੱਚ ਹੈ ਤੇ ਉਡਾਣ ਭਰਨ ਵਾਲੇ ਮੁਸਾਫਰਾਂ ਲਈ ਇਹ ਲਾਜ਼ਮੀ ਹੈ। ਜੇਕਰ ਘਰੇਲੂ ਮੁਸਾਫ਼ਰ ਚਾਹੁਣ ਤਾਂ ਉਹ ਹਵਾਬਾਜ਼ੀ ਮੰਤਰਾਲਾ ਦੇ ਪੋਰਟਲ 'ਤੇ ਜਾ ਕੇ ਆਪਣੇ ਪਛਾਣ ਪੱਤਰ (ਆਧਾਰ, ਡਰਾਈਵਿੰਗ ਲਾਈਸੰਸ ਆਦਿ) ਦੀ ਮਦਦ ਨਾਲ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਇਸ ਤੋਂ ਬਾਅਦ ਇਹ ਸਿਸਟਮ ਤੁਹਾਡੀ ਪਹਿਲੀ ਉਡਾਣ ਤੋਂ ਹੀ ਸ਼ੁਰੂ ਹੋ ਜਾਵੇਗਾ।
ਅਜਿਹਾ ਕਰਨ ਵਾਲੇ ਮੁਸਾਫ਼ਰਾਂ ਨੂੰ ਏਅਰਪੋਰਟ ਵਿੱਚ ਦਾਖ਼ਲ ਹੋਣ ਲਈ ਸੈਲਫ਼ ਚੈਕਿੰਗ ਤੇ ਈ-ਗੇਟ ਦਾ ਸਿਸਟਮ ਮਿਲੇਗਾ। ਤੁਹਾਨੂੰ ਟਿਕਟ ਆਪਣੇ ਕੋਲ ਰੱਖਣਾ ਹੋਵੇਗਾ ਪਰ ਬੋਰਡਿੰਗ ਪਾਸ ਮੁਸਾਫ਼ਰ ਖ਼ੁਦ ਹੀ ਪ੍ਰਾਪਤ ਕਰਨ ਸਕਣਗੇ। ਸੁਰੱਖਿਆ ਜਾਂਚ ਤੋਂ ਇਲਾਵਾ ਹੋਰ ਕੋਈ ਵੀ ਮੈਨੂਅਲ ਚੈਕਿੰਗ ਨਹੀਂ ਕੀਤੀ ਜਾਵੇਗੀ। ਹੈਦਰਾਬਾਦ ਤੇ ਬੈਂਗਲੋਰ ਵਿੱਚ ਇਹ ਸਿਸਟਮ ਫਰਵਰੀ ਤੋਂ ਲਾਗੂ ਹੋ ਜਾਵੇਗਾ ਤੇ ਬਾਕੀ ਸਾਰੇ ਹਵਾਈ ਅੱਡਿਆਂ 'ਤੇ ਅਪ੍ਰੈਲ ਤੋਂ ਲਾਗੂ ਹੋਣਾ ਸ਼ੁਰੂ ਹੋ ਜਾਵੇਗਾ।