ਮੁੰਬਈ: ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਆਈ। ਕਾਰੋਬਾਰ ਦੌਰਾਨ ਸੈਂਸੇਕਸ 800 ਅੰਕਾਂ ਤਕ ਹੇਠਾਂ ਡਿੱਗ ਗਿਆ, ਜਿਸ ਨਾਲ ਨਿਵੇਸ਼ਕਾਂ ਨੂੰ 3.21 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਰੁਪਿਆ 73.80 ਰੁਪਏ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ।

ਸੈਂਸੇਕਸ ਦੇ 30 ਵਿੱਚੋਂ 28 ਸ਼ੇਅਰਾਂ ਵਿੱਚ ਗਿਰਾਵਟ

ਇਸ ਗਿਰਾਵਟ ਦੌਰਾਨ ਰਿਲਾਇੰਸ ਇੰਡਸਟਰੀ ਦਾ ਸ਼ੇਅਰ ਤਕਰੀਬਨ 7 ਫ਼ੀਸਦ ਡਿੱਗ ਗਿਆ। ਟੀਸੀਐਸ ਤੇ ਹੀਰੋ ਮੋਟਰਕਾਰਪ ਦੇ ਸ਼ੇਅਰ 4% ਡਿੱਗ ਗਏ। ਹਿੰਦੁਸਤਾਨ ਯੂਨੀਲੀਵਰ, ਐਚਡੀਐਫਸੀ ਤੇ ਆਈਸੀਆਈਸੀਆਈ ਬੈਂਕਾਂ ਦੇ ਸ਼ੇਅਰ ਵੀ ਢਾਈ ਫ਼ੀਸਦੀ ਤਕ ਡਿੱਗ ਗਏ। ਸੈਂਸੇਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ 28 ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ।

ਪਿਛਲੇ ਦੋ ਦਿਨਾਂ 'ਚ ਤਕਰੀਬਨ ਪੰਜ ਲੱਖ ਕਰੋੜ ਦਾ ਨੁਕਸਾਨ

ਸੈਂਸੇਕਸ ਬੁੱਧਵਾਰ ਨੂੰ 551 ਅੰਕ ਦੀ ਗਿਰਾਵਟ ਤੋਂ ਬਾਅਦ ਬੰਦ ਹੋਇਆ ਸੀ ਤੇ ਨਿਫ਼ਟੀ ਵੀ 150 ਅੰਕ ਹੇਠਾਂ ਆ ਗਿਆ ਸੀ। ਬੁੱਧਵਾਰ ਨੂੰ ਆਈ ਗਿਰਾਵਟ ਨਾਲ ਨਿਵੇਸ਼ਕਾਂ ਨੂੰ 1.71 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਅੱਜ 3.21 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।

ਕਾਂਗਰਸ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ


ਰੁਪਏ ਵਿੱਚ ਲਗਾਤਾਰ ਆ ਰਹੀ ਗਿਰਾਵਟ 'ਤੇ ਕਾਂਗਰਸ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਸੰਖੇਪਕ ਟਵੀਟ ਰਾਹੀਂ ਮੋਦੀ ਸਰਕਾਰ 'ਤੇ ਹਮਲਾ ਕੀਤਾ। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਰੁਪਏ ਦੇ ਲਗਾਤਾਰ ਕਮਜ਼ੋਰ ਹੋਣ 'ਤੇ ਵਿਰੋਧੀ ਲਗਾਤਾਰ ਮੋਦੀ ਸਰਕਾਰ 'ਤੇ ਨਿਸ਼ਾਨੇ ਲਾ ਰਹੇ ਹਨ।